ਬਾਜ਼ਾਰਾਂ ’ਚ 3 ਫੁੱਟ ਤੱਕ ਸੀਵਰੇਜ ਦਾ ਪਾਣੀ ਹੋਇਆ ਜਮ੍ਹਾ
Friday, Aug 31, 2018 - 01:09 AM (IST)

ਬਠਿੰਡਾ, (ਵਰਮਾ)-ਸੀਵਰੇਜ ਬੋਰਡ ਤੋਂ ਰਿਸ਼ਤਾ ਤੋਡ਼ ਕੇ ਨਗਰ ਨਿਗਮ ਨੇ ਸੀਵਰੇਜ ਦੀ ਸਫਾਈ ਦਾ ਕੰਮ ਆਪਣੇ ਹੱਥਾਂ ਵਿਚ ਲੈਂਦਿਆਂ ਸ਼ਹਿਰ ਦੇ ਸਾਰੇ ਸੀਵਰੇਜਾਂ ਦੀ ਸਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਡੀਸਿਲਟਿੰਗ ਦੌਰਾਨ ਬਾਜ਼ਾਰਾਂ ਦੇ ਸੀਵਰੇਜ ਦੇ ਪਾਣੀ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਬਾਜ਼ਾਰਾਂ ਦੀਆਂ ਸਡ਼ਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ 3-3 ਫੁੱਟ ਖਡ਼੍ਹਨ ਨਾਲ ਲੋਕਾਂ ’ਚ ਪ੍ਰੇਸ਼ਾਨੀ ਦਾ ਆਲਮ ਬਣਿਆ ਹੋਇਆ ਹੈ। ਸਿਰਕੀ ਬਾਜ਼ਾਰ, ਗੁਰੂ ਨਾਨਕਪੁਰਾ ਮੁਹੱਲਾ, ਪੁਰਾਣਾ ਥਾਣਾ ਰੋਡ ਤੇ ਉਸਦੇ ਨਾਲ ਲੱਗਦੇ ਸਾਰੇ ਖੇਤਰਾਂ ’ਚ ਬੀਤੇ 3 ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਖਡ਼੍ਹਾ ਹੋਣ ਨਾਲ ਉਥੇ ਮਹਾਮਾਰੀ ਦਾ ਖਤਰਾ ਬਣਿਆ ਹੈ। ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਤਿੰਨ ਦਿਨਾਂ ਤੋਂ ਦੁਕਾਨਾਂ ਦੇ ਸ਼ਟਰ ਤੱਕ ਨਹੀਂ ਖੋਲ੍ਹੇ ਤੇ ਉਨ੍ਹਾਂ ਦਾ ਧੰਦਾ ਵੀ ਚੌਪਟ ਹੋ ਰਿਹਾ ਹੈ।
11 ਸਡ਼ਕਾਂ ’ਤੇ ਡੀਸਿਲਟਿੰਗ ਦਾ ਕੰਮ ਕੀਤਾ ਸ਼ੁਰੂ : ਨਗਰ ਨਿਗਮ ਨੇ 1 ਕਰੋਡ਼ 42 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸਾਰੀਆਂਮੁੱਖ ਸਡ਼ਕਾਂ ’ਤੇ ਡੀਸਿਲਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਲਈ ਉਨ੍ਹਾਂ ਨੇ 2 ਸੁਪਰ ਸ਼ਕਰ ਮਸ਼ੀਨਾਂ ਦੀ ਵਿਵਸਥਾ ਕੀਤੀ ਹੈ। ਇਸ ਤੋਂ ਪਹਿਲਾ ਸੀਵਰੇਜ ਬੋਰਡ ਦੇ ਹੱਥ ਵਿਚ ਇਹ ਕੰਮ ਸੀ ਪਰ ਸੀਵਰੇਜ ਬੋਰਡ ਨੇ ਅੱਗੇ ਤ੍ਰਿਵੇਣੀ ਕੰਪਨੀ ਨੂੰ ਇਹ ਕੰਮ ਸੌਂਪ ਦਿੱਤਾ ਸੀ, ਜਿਸ ਦੇ ਨਤੀਜੇ ਚੰਗੇ ਨਹੀਂ ਮਿਲਣ ਕਾਰਨ ਨਗਰ ਨਿਗਮ ਨੇ ਤ੍ਰਿਵੇਣੀ ਨੂੰ ਵੀ ਬਾਏ-ਬਾਏ ਕਰ ਦਿੱਤਾ। ਸੀਵਰੇਜ ਦੀ ਸਫਾਈ ਲਈ ਕਰਮਚਾਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੀਵਰੇਜ ਸਫਾਈ ਕਰਨ ਲਈ ਜਿਵੇਂ ਹੀ ਸਫਾਈ ਕਰਮਚਾਰੀ ਸੀਵਰੇਜ ਅੰਦਰ ਜਾਂਦਾ ਹੈ ਤਾਂ ਉਥੇ ਸੀਵਰੇਜ ਬਲਾਕੇਜ ਕਾਰਨ ਉਨ੍ਹਾਂ ਦੇ ਹੱਥ ਖਡ਼੍ਹੇ ਹੋ ਜਾਂਦੇ ਹਨ। ਨਗਰ ਨਿਗਮ ਨੇ ਮਸ਼ੀਨਾਂ ਰਾਹੀਂ ਸਫਾਈ ਦਾ ਕੰਮ ਸ਼ੁਰੂ ਕੀਤਾ ਤਾਂ ਸੀਵਰੇਜ ’ਚੋਂ ਟਨਾਂ ਦੇ ਹਿਸਾਬ ਨਾਲ ਗੋਬਰ, ਪਲਾਸਟਿਕ, ਬੋਰੀਆਂ ਤੇ ਹੋਰ ਸਾਮਾਨ ਕੱਢਿਆ। ਇਸ ਤੋਂ ਪਹਿਲਾਂ ਦੋ ਦਸ਼ਕਾਂ ਤੋਂ ਇਸ ਸੀਵਰੇਜ ਦੀ ਸਫਾਈ ਨਹੀਂ ਹੋਈ ਸੀ, ਜਿਸ ਕਾਰਨ ਸ਼ਹਿਰ ਵਿਚ ਸੀਵਰੇਜ ਬਲਾਕੇਜ ਦੀ ਸਮੱਸਿਆ ਪੈਦਾ ਹੋਈ।
ਪਸ਼ੂ ਡੇਅਰੀਆਂ ਕਾਰਨ ਸੀਵਰੇਜ ਹੋ ਰਹੇ ਜਾਮ : ਸ਼ਹਿਰ ’ਚ ਲਗਭਗ 300 ਤੋਂ ਵੱਧ ਪਸ਼ੂ ਡੇਅਰੀਆਂ ਹਨ ਜਿਨ੍ਹਾਂ ਦਾ ਗੋਬਰ, ਮਲ-ਤਿਆਗ, ਕੂਡ਼ਾ ਕਰਕਟ ਸਾਰਾ ਸੀਵਰੇਜ ਵਿਚ ਪਾ ਦਿੱਤਾ ਜਾਂਦਾ ਹੈ ਜੋ ਅੰਦਰ ਜਾ ਕੇ ਜਮ ਜਾਂਦਾ ਹੈ। ਜ਼ਿਲਾ ਪ੍ਰਸ਼ਾਸਨ ਨੇ ਨਗਰ ਸੁਧਾਰ ਟਰੱਸਟ ਰਾਹੀਂ ਡੇਅਰੀ ਫਾਰਮ ਦੀ ਵੀ ਸਥਾਪਨਾ ਕੀਤੀ ਤੇ ਸਾਰੇ ਡੇਅਰੀ ਮਾਲਕਾਂ ਨੂੰ ਉਥੇ ਜਾਣ ਲਈ ਕਿਹਾ ਪਰ ਉਥੇ ਕੋਈ ਨਹੀਂ ਗਿਆ। ਦੋ ਸਾਲ ਪਹਿਲਾਂ ਵੀ ਪਸ਼ੂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸਕੀਮ ਨੂੰ ਰੋਕ ਦਿੱਤਾ ਗਿਆ ਸੀ। ਨਗਰ ਨਿਗਮ ਦੇ ਇੰਜੀਨੀਅਰ ਦਵਿੰਦਰ ਸਿੰਘ ਜੌਡ਼ਾ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਪਸ਼ੂ ਡੇਅਰੀਆਂ ਦੇ ਕੁਨੈਕਸ਼ਨ ਬੰਦ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸੀਵਰੇਜ ’ਚ ਗੋਬਰ ਤੇ ਮਲ-ਤਿਆਗ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸਾਰੀ ਦੌਰਾਨ ਵੀ ਆਮ ਤੌਰ ’ਤੇ ਮਾਰਬਲ ਪੱਥਰ ਦੀ ਰਗਡ਼ਾਈ ਦਾ ਮਲਬਾ ਵੀ ਸੀਵਰੇਜ ਵਿਚ ਪਾ ਦਿੱਤਾ ਜਾਂਦਾ ਹੈ ਜੋ ਪਾਈਪਾਂ ਵਿਚ ਜਾ ਕੇ ਪੂਰੀ ਤਰ੍ਹਾਂ ਜਮ ਜਾਂਦਾ ਹੈ, ਜਿਸ ਨਾਲ ਸੀਵਰੇਜ ਬਲਾਕ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਇਸਦੀ ਵਿਵਸਥਾ ਕਰੇਗਾ ਕਿ ਰਗਡ਼ਾਈ ਦਾ ਮਲਬਾ ਵੀ ਸੀਵਰੇਜ ਵਿਚ ਨਾ ਜਾਵੇ।
ਡੀਸਿਲਟਿੰਗ ਕਾਰਨ ਬਾਜ਼ਾਰਾਂ ਦਾ ਪਾਣੀ ਰੋਕਿਆ ਗਿਆ : ਮੇਅਰ
ਸ਼ਹਿਰ ਦੀ ਮੇਨ 36 ਇੰਚ ਸੀਵਰੇਜ ਲਾਈਨ ਦੀ ਡੀਸਿਲਟਿੰਗ ਕੀਤੀ ਜਾ ਰਹੀ ਹੈ, ਜਿਸ ’ਚੋਂ ਸੈਂਕੜੇ ਟਨ ਮਲਬਾ ਕੱਢਿਆ ਜਾਂਦਾ ਹੈ। ਸਬਜ਼ੀ ਮੰਡੀ ਤੋਂ ਸਿਰਕੀ ਬਾਜ਼ਾਰ ਵੱਲ ਜਾਣ ਵਾਲੀ 80 ਫੁੱਟ ਰੋਡ ਵੀ ਸੀਵਰੇਜ ਦੀ ਇਸ ਪਾਈਪ ਨਾਲ ਜੁਡ਼ੀ ਹੋਈ ਹੈ। ਸੀਵਰੇਜ ਸਫਾਈ ਦਾ ਕੰਮ ਜ਼ਿਆਦਾਤਰ ਰਾਤ ਨੂੰ ਕੀਤਾ ਜਾਂਦਾ ਹੈ, ਜਿਸ ਲਈ ਬਾਜ਼ਾਰਾਂ ਦੇ ਸੀਵਰੇਜ ਬੰਦ ਕਰਨੇ ਪੈਂਦੇ ਹਨ ਨਹੀਂ ਤਾਂ ਸਫਾਈ ਕਰਮਚਾਰੀ ਦੇ ਰੁਡ਼ਨ ਦਾ ਖਤਰਾ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਸੀਵਰੇਜ ਦੀਆਂ ਪਾਈਪਾਂ ਦੀ ਡੀਸਿਲਟਿੰਗ ਦੌਰਾਨ ਕੰਪਿਊਟਰ ਤੇ ਕੈਮਰੇ ਦੀ ਮਦਦ ਲਈ ਜਾਂਦੀ ਹੈ, ਜਦੋਂ ਵੀ ਸਫਾਈ ਕਰਮਚਾਰੀ ਸੀਵਰੇਜ ਅੰਦਰ ਸਫਾਈ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਖਾਸ ਤੌਰ ’ਤੇ ਬਣਾਈ ਗਈ ਲਾਈਫ ਜੈਕੇਟ ਪਹਿਨਾਈ ਜਾਂਦੀ ਹੈ, ਜਿਸ ਵਿਚ ਕੈਮਰੇ ਤੇ ਲਾਈਟ ਦਾ ਪ੍ਰਬੰਧ ਹੈ। ਇਨ੍ਹਾਂ ਕੈਮਰਿਆਂ ਦਾ ਸਿੱਧਾ ਸੰਪਰਕ ਕੰਪਿਊਟਰ ਨਾਲ ਜੋਡ਼ਿਆ ਗਿਆ ਹੈ। ਅਧਿਕਾਰੀ ਬਾਹਰ ਤੋਂ ਸੀਵਰੇਜ ਦੀ ਸਫਾਈ ਦਾ ਪੂਰਾ ਜਾਇਜ਼ਾ ਲੈਂਦੇ ਹਨ। ਅਜੇ 2-3 ਦਿਨ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਝੱਲਣੀ ਪਵੇਗੀ।