ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਪ੍ਰੋਗਰਾਮਾਂ ’ਚ ਪਾਇਆ ਜਾ ਰਿਹਾ ਵਿਘਨ : ਮਜੀਠੀਆ
Wednesday, Sep 01, 2021 - 08:37 PM (IST)
ਬਟਾਲਾ/ਘੁਮਾਣ(ਬੇਰੀ, ਸਰਬਜੀਤ)- ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਦਾ ਨੂੰਹ ਮਾਸ ਦਾ ਰਿਸ਼ਤਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਕਾਂਗਰਸ ਸਰਕਾਰ ਵੱਲੋਂ ਜਾਣਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ’ਚ ਵਿਘਨ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਸਬਾ ਘੁਮਾਣ ਦੇ ਪਿੰਡ ਕਿਸ਼ਨਕੋਟ ਵਿਖੇ ਸੀਨੀਅਰ ਅਕਾਲੀ ਆਗੂ ਸਰਦੂਲ ਸਿੰਘ ਚੀਮਾ ਦੇ ਗ੍ਰਹਿ ਵਿਖੇ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ।
ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ਨੂੰ ਲੈ ਕੇ ਹਰੀਸ਼ ਰਾਵਤ ’ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਕਿਸਾਨਾਂ ਦਾ ਹਰ ਕਦਮ ’ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ। ਬੀਤੇ ਦਿਨੀ ਬਟਾਲਾ ’ਚ ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਪ੍ਰੋਗਰਾਮ ਕੀਤੇ ਗਏ ਸਨ, ਉਸਦਾ ਕਿਸਾਨਾਂ ਨੇ ਵਿਰੋਧ ਕਿਉਂਕਿ ਨਹੀਂ ਕੀਤਾ ਜਦਕਿ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਵੇਲੇ ਕਾਂਗਰਸ ਪਾਰਟੀ ਵੱਲੋਂ ਭਾਜਪਾ ਸਰਕਾਰ ਦਾ ਪੂਰਾ ਸਾਥ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਸਰਕਾਰ ਦੇ ਨਾਲ ਮਿਲੀ ਹੋਈ ਹੈ ਅਤੇ ਭਾਜਪਾ ਦੇ ਇਸ਼ਾਰੇ ’ਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰਵਾ ਰਹੀ ਹੈ।
ਹਲਕਾ ਸ੍ਰੀ ਹਰਗੋਬਿੰਦਪੁਰ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸੇ ਹਲਕੇ ਤੋਂ ਲੋਕਲ ਅਤੇ ਪੜ੍ਹੇ ਲਿਖੇ ਆਗੂ ਰਾਜਨਬੀਰ ਸਿੰਘ ਘੁਮਾਣ ਨੂੰ ਟਿਕਟ ਦਿਵਾਉਣ ਲਈ ਉਹ ਪਾਰਟੀ ਹਾਈਕਮਾਂਡ ਅੱਗੇ ਸਾਰੇ ਵਰਕਰਾਂ ਦੀ ਆਵਾਜ਼ ਪਹੁੰਚਾਉਣਗੇ ਤਾਂ ਜੋ ਪਾਰਟੀ ਹਾਈਕਮਾਂਡ ਰਾਜਨਬੀਰ ਸਿੰਘ ਨੂੰ ਟਿਕਟ ਦੇਵੇ। ਉਨ੍ਹਾਂ ਕਿਹਾ ਕਿ ਜੋ 13 ਨੁਕਾਤੀ ਪ੍ਰੋਗਰਾਮ ਸੁਖਬੀਰ ਸਿੰਘ ਬਾਦਲ ਵੱਲੋਂ ਉਲੀਕੇ ਗਏ ਹਨ, ਉਨ੍ਹਾਂ ਨੂੰ ਸਰਕਾਰ ਬਣਨ ’ਤੇ ਇੰਨ-ਬਿੰਨ ਪੂਰਾ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਜਲਿਆਂਵਾਲਾ ਬਾਗ ’ਤੇ ਘਟੀਆ ਸਿਆਸਤ ਕਰ ਰਹੇ ਸੋਨੀਆ ਤੇ ਰਾਹੁਲ ਗਾਂਧੀ : ਚੁੱਘ
ਇਸ ਮੌਕੇ ਸ੍ਰੀ ਹਰਗੋਬਿੰਦਪੁਰ ਵਿਖੇ ਮਜੀਠੀਆ ਵੱਲੋਂ ਕਾਂਗਰਸੀ ਆਗੂ ਬਾਬਾ ਹਰਜੀਤ ਭੱਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ ਕਰਵਾਇਆ ਗਿਆ। ਉਨ੍ਹਾਂ ਸਾਰੇ ਅਕਾਲੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਸਾਰੇ ਇਕਜੁਟ ਹੋ ਕੇ 2022 ਦੀਆਂ ਚੋਣਾਂ ਜਿੱਤਣ ਲਈ ਕਸਰ ਕੱਸੇ ਕਰ ਲਈਏ ਤਾਂ ਜੋ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਸੱਤਾ ’ਚ ਆ ਸਕੇ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਰਾਜਨਬੀਰ ਸਿੰਘ ਘੁਮਾਣ, ਗੁਰਇਕਬਾਲ ਸਿੰਘ ਮਾਹਲ, ਸਰਦੂਲ ਸਿੰਘ ਚੀਮਾ, ਅਮਰਿੰਦਰ ਸਿੰਘ ਅੰਮੂ ਚੀਮਾ, ਰਮਨਦੀਪ ਸਿੰਘ ਸੰਧੂ, ਬਲਬੀਰ ਸਿੰਘ ਬਿੱਟੂ, ਤਿਰਲੋਕ ਸਿੰਘ ਬਾਠ, ਡਾ. ਜਗਬੀਰ ਸਿੰਘ ਧਰਮਸੋਤ ਆਦਿ ਵਰਕਰ ਹਾਜ਼ਰ ਸਨ।