ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਸੁਣਵਾਈ 27 ਤੱਕ ਟਲੀ

Saturday, Jul 25, 2020 - 10:07 AM (IST)

ਫਰੀਦਕੋਟ (ਬਾਂਸਲ, ਜਗਦੀਸ਼): ਜੂਨ 2015 'ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਾਲੇ ਵਿਚ ਪੰਜ ਡੇਰਾ ਪ੍ਰੇਮੀ ਰਣਜੀਤ ਸਿੰਘ,ਰਣਦੀਪ ਸਿੰਘ,ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਵਲੋਂ ਸਥਾਨਕ ਡਿਊਟੀ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸ 'ਤੇ ਅਦਾਲਤ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਮਾਮਲੇ ਨਾਲ ਲੋੜੀਦਾ ਰਿਕਾਰਡ 24 ਜੁਲਾਈ ਨੂੰ ਪੇਸ਼ ਕੀਤਾ ਜਾਵੇ।ਜਿਸ 'ਤੇ ਅੱਜ ਡੇਰਾ ਪ੍ਰੇਮੀ ਵਲੋਂ ਐਡਵੋਕੇਟ ਵਿਨੋਦ ਕੁਮਾਰ ਮੌਗਾਂ ਅਤੇ ਪੰਜਾਬ ਸਰਕਾਰ ਵਲੋਂ ਐਡਵੋਕੇਟ ਅਮਨਪ੍ਰੀਤ ਸਿੰਘ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਤੇ ਅਗਲੀ ਤਾਰੀਖ 27 ਜੁਲਾਈ ਲਈ ਟਲ ਗਈ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ 28 ਤੱਕ ਭੇਜਿਆ ਪੁਲਸ ਰਿਮਾਂਡ 'ਤੇ

ਰਣਜੀਤ ਸਿੰਘ,ਰਣਦੀਪ ਸਿੰਘ,ਬਲਜੀਤ ਸਿੰਘ,ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਨੇ ਆਪਣੀ ਅਰਜ਼ੀ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਕਦੇ ਵੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਡੇਰਾ ਪ੍ਰ੍ਰੇਮੀ ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਨੇ ਜ਼ੁਰਮ ਵਿਚ ਵਾਧਾ ਹੋਣ ਦੀ ਸੂਰਤ ਵਿਚ ਆਪਣੀ ਗ੍ਰਿਫਤਾਰੀ ਨੂੰ ਰੋਕਣ ਲਈ ਅਗਾਊ ਜ਼ਮਾਨਤ ਦੀ ਅਰਜ਼ੀ ਸੈਸ਼ਨ ਜੱਜ ਦੀ ਅਦਾਲਤ ਵਿਚ ਲਗਾ ਦਿੱਤੀ ਹੈ ਜਿਸ 'ਤੇ ਪੰਜਾਬ ਸਰਕਾਰ ਨੂੰ ਇਸ ਦਾ ਨੋਟਿਸ ਅਤੇ ਇਸ ਸਬੰਧੀ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।


Shyna

Content Editor

Related News