ਸਰੂਪਾਂ ਦੀ ਬੇਅਦਬੀ ਦੇ ਮਾਮਲੇ ''ਚ ਹਵਾਰਾ ਕਮੇਟੀ ਦੇ ਆਗੂਆਂ ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਖੁੱਲ੍ਹੀ ਚਿੱਠੀ
Saturday, Sep 26, 2020 - 06:06 PM (IST)
ਅੰਮ੍ਰਿਤਸਰ (ਅਨਜਾਣ): ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਈ ਅੱਗਜਣੀ ਦੀ ਘਟਨਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਪ੍ਰੋਫੈਸਰ ਬਲਜਿੰਦਰ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਜਥੇਦਾਰ ਸੁਖਰਾਜ ਸਿੰਘ ਵੇਰਕਾ ਤੇ ਭਾਈ ਜਸਪਾਲ ਸਿੰਘ ਪੁਤਲੀਘਰ ਵਲੋਂ ਸ਼੍ਰੋਮਣੀ ਕਮੇਟੀ ਦੇ 28 ਤਾਰੀਖ਼ ਨੂੰ ਹੋਣ ਵਾਲੇ ਬਜਟ ਇਜਲਾਸ 'ਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਦੇ ਨਾਮ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਝੰਜੋੜਨ ਦਾ ਯਤਨ ਕੀਤਾ ਹੈ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਸਬੰਧੀ ਮੁਕਤਸਰ ਸਾਹਿਬ 'ਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰੇਗੀ ਬੀਬਾ ਬਾਦਲ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਭਾਈ ਸਤਨਾਮ ਸਿੰਘ ਝੰਜੀਆਂ ਪੰਜ ਪਿਆਰੇ ਨੇ ਕਿਹਾ ਕਿ ਇਕ ਖੁੱਲ੍ਹੀ ਪੱਤਰਕਾ ਸਾਡੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਤੇ ਦੂਸਰੇ ਮੈਂਬਰਾਂ ਨੂੰ ਵੱਟਸ ਐਪ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਇਆ ਜਾ ਸਕੇ। ਉਨ੍ਹਾਂ ਚਿੱਠੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਲੂਣਾ ਦਿੰਦਿਆਂ ਇਤਿਹਾਸਕ ਘਟਨਾ ਚੇਤੇ ਕਰਵਾਉਂਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਬੇਦਾਵਾ ਲਿੱਖ ਕੇ ਦਿੱਤਾ ਸੀ ਕਿ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ ਪਰ ਉਨ੍ਹਾਂ ਦੀ ਜ਼ਮੀਰ ਨੂੰ ਮਾਤਾ ਭਾਗ ਕੌਰ ਜੀ ਨੇ ਝੰੰਜੋੜਿਆ ਸੀ ਤੇ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਜੰਗ ਦੇ ਮੈਦਾਨ 'ਚ ਜੂਝ ਕੇ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਨੇ ਤੁੱਠ ਕੇ ਉੇਨ੍ਹਾਂ ਦਾ ਬੇਦਾਵਾ ਪਾੜ ਦਿੱਤਾ ਸੀ। ਅੱਜ ਸਿੱਖ ਜਗਤ ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਦੇ ਬਜਟ ਇਜਲਾਸ ਵਾਲੇ ਦਿਨ ਬੜੀ ਉਮੀਦ ਨਾਲ ਇੰਤਜ਼ਾਰ ਕਰੀ ਬੈਠਾ ਹੈ ਕਿ ਤੁਹਾਡੇ 'ਚੋਂ ਕੌਣ-ਕੌਣ ਭਾਈ ਮਹਾਂ ਸਿੰਘ ਦੇ ਨਕਸ਼ੇ ਕਦਮਾਂ ਤੇ ਨਿੱਤਰੇਗਾ ਤੇ ਤੁਹਾਡੇ ਪਰਿਵਾਰ 'ਚੋਂ ਕਿਸਦੀ ਮਾਂ ਮਾਤਾ ਭਾਗ ਕੌਰ ਵਾਂਗ ਤੁਹਾਡੀ ਆਤਮਾ ਨੂੰ ਝੰਜੋੜੇਗੀ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਦੀ ਰੌਂਅ 'ਚ
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਖਿਲਾਫ਼ ਲ਼ੜਨ ਲਈ ਸੰਦੇਸ਼ ਦਿੱਤਾ ਤੇ ਤੁਸੀਂ ਆਪਣੇ ਕੁਝ ਨਿੱਜੀ ਸੁੱਖ-ਸਹੂਲਤਾਂ ਲਈ ਪੰਥ ਦੋਖੀ ਬਾਦਲਾਂ ਖ਼ਿਲਾਫ਼ ਆਵਾਜ਼ ਉਠਾਉਣ 'ਚ ਅਸਫਲ ਰਹੇ ਹੋ। ਤੁਹਾਡੇ ਵਲੋਂ ਪਿਛਲੇ ਸਮੇਂ ਹੋਈਆਂ ਭੁੱਲਾਂ ਗੁਰੂ ਨੂੰ ਬੇਦਾਵਾ ਲਿਖਣ ਦੇ ਸਮਾਨ ਹਨ। ਜਿਸ ਕਾਰਣ ਪੰਥ 'ਚ ਰੋਹ ਹੈ। ਪਰ ਜੇ ਤੁਸੀਂ ਨਿਮਰਤਾ ਤੇ ਇਮਾਨਦਾਰੀ ਨਾਲ ਗੁਰੂ ਖਾਲਸਾ ਪੰਥ ਅੱਗੇ ਬਹੁੜੀ ਕਰੋਗੇ ਤਾਂ ਪੰਥ ਯਕੀਨਨ ਹੀ ਤੁਹਾਨੂੰ ਮੁਆਫ਼ ਕਰੇਗਾ।
ਇਹ ਵੀ ਪੜ੍ਹੋ: ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ 'ਤੇ ਸ਼ਹੀਦ, ਪਿੰਡ ਦੀ ਸੋਗ ਦੀ ਲਹਿਰ
ਨਾ ਤਾਂ ਜਥੇਦਾਰ ਨੇ ਅਕਾਲੀ ਫੂਲਾ ਸਿੰਘ ਵਾਲਾ ਕੋਈ ਕੰਮ ਕੀਤਾ ਤੇ ਨਾ ਹੀ ਬਾਦਲ ਨੇ ਫ਼ਖ਼ਰੇ ਕੌਮ ਵਾਲਾ :
ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੋਈ ਖਿਤਾਬ ਕਿਸੇ ਨੂੰ ਤਾਂ ਹੀ ਦਿੱਤਾ ਜਾਂਦਾ ਹੈ ਜੇਕਰ ਉਸਨੇ ਉਸ ਖਿਤਾਬ ਲਈ ਕੋਈ ਐਸਾ ਕੰਮ ਕੀਤਾ ਹੋਵੇ ਜੋ ਉਸਦੇ ਕਾਬਲ ਹੋਵੇ। ਪਰ ਜਥੇਦਾਰ ਅਕਾਲ ਤਖ਼ਤ ਨੂੰ ਕਿਸੇ ਜਥੇਬੰਦੀ ਵੱਲੋਂ ਅਕਾਲੀ ਫੂਲਾ ਸਿੰਘ ਦਾ ਖਿਤਾਬ ਦਿੱਤਾ ਗਿਆ ਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰੇ ਕੌਮ ਦਾ ਖਿਤਾਬ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਦਾੜਾ ਰੰਗਿਆ ਤਾਂ ਉਸਦੇ ਮਹਾਰਾਜਾ ਹੋਣ ਦੇ ਬਾਵਜੂਦ ਵੀ ਨਿੱਧੜਕ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਸੀ। ਕੀ ਗਿਆਨੀ ਹਰਪ੍ਰੀਤ ਨੇ ਧਾਰਮਿਕ ਸਜ਼ਾ ਸੁਣਾਉਂਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਇਕ ਵਾਰੀ ਵੀ ਕਾਰਜਾਰਣੀ ਨੂੰ ਪੁੱਛਿਆ ਕਿ ਪਾਵਨ ਸਰੂਪ ਕਿੱਥੇ ਤੇ ਕਿਸ ਹਾਲ 'ਚ ਨੇ? ਬਾਦਲ ਸਰਕਾਰ ਵੇਲੇ ਬਰਗਾੜੀ, ਬਹਿਬਲ ਕਲਾਂ ਵਾਲੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਕੀ ਕਿਸੇ ਦੋਸ਼ੀ ਨੂੰ ਸਜ਼ਾ ਹੋਈ ਜਿਸ ਨੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ? ਉਲਟਾ ਧਰਨੇ ਤੇ ਸ਼ਾਂਤਮਈ ਢੰਗ ਨਾਲ ਗੁਰਬਾਣੀ ਦਾ ਪਾਠ ਕਰ ਰਹੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੀ ਬਾਦਲ ਸਾਹਿਬ ਨੇ ਕੋਈ ਫ਼ਖ਼ਰੇ ਕੌਮ ਵਾਲਾ ਕੋਈ ਕੰਮ ਕੀਤਾ।