ਲੁਧਿਆਣਾ : ਜੈਮਾਲਾ 'ਤੇ ਬਰਾਤੀਆਂ ਨੇ ਪਾ ਦਿੱਤਾ ਖਿਲਾਰਾ, ਅੜ ਬੈਠਾ ਲਾੜਾ, ਥਾਣੇ ਪੁੱਜੀ ਬਰਾਤ ਤੇ ਫਿਰ...
Tuesday, Dec 06, 2022 - 05:00 PM (IST)
ਲੁਧਿਆਣਾ (ਰਾਜ) : ਸਥਾਨਕ ਪਿੰਡ ਫੁੱਲਾਂਵਾਲ 'ਚ ਇਕ ਵਿਆਹ ਸਮਾਰੋਹ ਦੌਰਾਨ ਉਸ ਵੇਲੇ ਭੜਥੂ ਪੈ ਗਿਆ, ਜਦੋਂ ਲਾੜਾ ਅਤੇ ਲਾੜੀ ਦੇ ਪਰਿਵਾਰ ਦਾ ਆਪਸ 'ਚ ਝਗੜਾ ਹੋ ਗਿਆ। ਦੋਵੇਂ ਪੱਖ ਥਾਣੇ ਪਹੁੰਚੇ ਗਏ ਸਨ। ਇੱਥੇ ਪੁਲਸ ਨੇ ਦੋਹਾਂ ਪੱਖਾਂ 'ਚ ਸਮਝੌਤਾ ਕਰਵਾ ਦਿੱਤਾ ਅਤੇ ਲਾੜੀ ਨੂੰ ਲਾੜੇ ਨਾਲ ਵਿਦਾ ਕਰ ਦਿੱਤਾ। ਅਜਿਹਾ ਕਰਕੇ ਪੁਲਸ ਨੇ ਟੁੱਟਣ ਜਾ ਰਹੇ ਘਰ ਨੂੰ ਫਿਰ ਵਸਾ ਦਿੱਤਾ। ਦਰਅਸਲ ਐਤਵਾਰ ਨੂੰ ਫੁੱਲਾਂਵਾਲ 'ਚ ਕੁੜੀ ਦਾ ਵਿਆਹ ਚੱਲ ਰਿਹਾ ਸੀ। ਬਰਾਤ ਯੂ. ਪੀ. ਤੋਂ ਆਈ ਸੀ। ਜੈਮਾਲਾ ਦੌਰਾਨ ਦੋਹਾਂ ਪੱਖਾਂ 'ਚ ਝਗੜਾ ਹੋ ਗਿਆ, ਜੋ ਕਿ ਹੱਥੋਪਾਈ ਤੱਕ ਪੁੱਜ ਗਿਆ।
ਲਾੜੀ ਪਰਿਵਾਰ ਦਾ ਦੋਸ਼ ਸੀ ਕਿ ਲਾੜੇ ਦੇ ਪਰਿਵਾਰ ਨੇ ਮੋਟਰਸਾਈਕਲ ਦੀ ਮੰਗ ਕੀਤੀ ਸੀ। ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਲਾੜੇ ਪਰਿਵਾਰ ਦਾ ਦੋਸ਼ ਸੀ ਕਿ ਲਾੜੀ ਪਰਿਵਾਰ ਨੇ ਉਨ੍ਹਾਂ ਦੇ ਕੱਪੜਿਆਂ 'ਤੇ ਤੰਜ ਕੱਸਿਆ ਸੀ। ਇਸ ਤੋਂ ਬਾਅਦ ਲੜਾਈ ਸ਼ੁਰੂ ਹੋਈ। ਇਸ ਦੌਰਾਨ ਦੋਹਾਂ ਪਰਿਵਾਰਾਂ 'ਚ ਤਣਾਅ ਵੱਧ ਗਿਆ ਪਰ ਲਾੜਾ, ਲਾੜੀ ਨੂੰ ਲਿਜਾਣ 'ਤੇ ਅੜਿਆ ਰਿਹਾ। ਉਸ ਨੇ ਬਿਨਾਂ ਲਾੜੀ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ 4 ਮਰੀਜ਼ਾਂ ਦੀ ਮੌਤ, ਚੰਡੀਗੜ੍ਹ ਭੇਜੀ ਗਈ ਰਿਪੋਰਟ
ਕੁੱਟਮਾਰ 'ਚ ਲਾੜੀ ਦੇ ਪਰਿਵਾਰ ਦੇ 4 ਲੋਕ ਜ਼ਖਮੀ ਵੀ ਹੋ ਗਏ ਸਨ। ਫਿਰ ਲਾੜੀ ਦੇ ਪਰਿਵਾਰ ਨੇ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਸੋਮਵਾਰ ਨੂੰ ਦੋਹਾਂ ਪਰਿਵਾਰਾਂ ਨੂੰ ਥਾਣੇ ਬੁਲਾ ਲਿਆ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਦੋਹਾਂ ਪਰਿਵਾਰਾਂ ਨੂੰ ਥਾਣੇ ਬੁਲਾ ਕੇ ਗੱਲਬਾਤ ਕੀਤੀ ਗਈ। ਦੋਹਾਂ ਪੱਖਾਂ ਨੂੰ ਸਮਝਾਇਆ ਗਿਆ। ਇਸ ਤੋਂ ਬਾਅਦ ਦੋਹਾਂ ਪੱਖਾਂ 'ਚ ਆਪਸੀ ਸਮਝੌਤਾ ਹੋ ਗਿਆ। ਜਿੱਥੇ ਲਾੜਾ-ਲਾੜੀ ਨੂੰ ਮਿਠਾਈ ਖੁਆਈ ਗਈ ਅਤੇ ਥਾਣੇ ਤੋਂ ਬਰਾਤ ਯੂ. ਪੀ. ਲਈ ਰਵਾਨਾ ਕਰ ਦਿੱਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ