ਵਿਧਾਇਕ ਲਾਲਪੁਰਾ ਦੇ ਜੀਜੇ ਨੂੰ ਕੇਸ 'ਚ ਫਸਾਉਣਾ ਪੁਲਸ ਕਰਮਚਾਰੀਆਂ ਨੂੰ ਪਿਆ ਮਹਿੰਗਾ, SSP ਦਾ ਹੋਇਆ ਤਬਾਦਲਾ

Thursday, Sep 28, 2023 - 08:30 PM (IST)

ਵਿਧਾਇਕ ਲਾਲਪੁਰਾ ਦੇ ਜੀਜੇ ਨੂੰ ਕੇਸ 'ਚ ਫਸਾਉਣਾ ਪੁਲਸ ਕਰਮਚਾਰੀਆਂ ਨੂੰ ਪਿਆ ਮਹਿੰਗਾ, SSP ਦਾ ਹੋਇਆ ਤਬਾਦਲਾ

ਤਰਨਤਾਰਨ (ਰਮਨ) : ਬੀਤੇ ਮੰਗਲਵਾਰ ਦੇਰ ਰਾਤ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਹਲਕਾ ਖਡੂਰ ਸਾਹਿਬ ਦੇ ਜੀਜਾ ਨੂੰ ਮਾਈਨਿੰਗ ਮਾਮਲੇ 'ਚ ਨਾਮਜ਼ਦ ਕਰਨ ਤੋਂ ਬਾਅਦ ਵਿਧਾਇਕ ਵੱਲੋਂ ਜ਼ਿਲ੍ਹੇ ਦੇ ਐੱਸਐੱਸਪੀ ਖ਼ਿਲਾਫ਼ ਪਾਈ ਗਈ ਪੋਸਟ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਮਾਮਲੇ ਵਿੱਚ ਵੀਰਵਾਰ ਉਸ ਵੇਲੇ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ। ਉਸ ਦੇ ਨਾਲ ਹੀ ਮਾਈਨਿੰਗ ਮਾਮਲੇ ਵਿੱਚ ਛਾਪੇਮਾਰੀ ਕਰਨ ਵਾਲੇ ਥਾਣਾ ਮੁਖੀ ਤੇ ਸੀਆਈਏ ਸਟਾਫ਼ ਦੇ ਇੰਚਾਰਜ ਸਮੇਤ 4 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰਦਿਆਂ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ 'ਤੇ ਪੁਲਸ ਆਈ ਹਰਕਤ 'ਚ, ਨਸ਼ਾ ਵੇਚਣ ਦੇ ਦੋਸ਼ 'ਚ 2 ਨੌਜਵਾਨਾਂ ਨੂੰ ਕੀਤਾ ਕਾਬੂ

ਜਾਣਕਾਰੀ ਅਨੁਸਾਰ ਮੰਗਲਵਾਰ ਪਿੰਡ ਭੈਲ ਢਾਏ ਵਾਲਾ ਵਿਖੇ ਰੇਤ ਨੂੰ ਚੱਲ ਰਹੀ ਮਾਈਨਿੰਗ ਦੇ ਮਾਮਲੇ ਵਿੱਚ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ, ਸੀਆਈਏ ਸਟਾਫ ਤਰਨਤਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ, ਸਬ-ਇੰਸਪੈਕਟਰ ਸੁਰਜੀਤ ਸਿੰਘ, ਏਐੱਸਆਈ ਪਰਮਦੀਪ ਸਿੰਘ ਅਤੇ ਏਐੱਸਆਈ ਹਰਮੀਕ ਸਿੰਘ ਸਮੇਤ ਪੁਲਸ ਕਰਮਚਾਰੀਆਂ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਮੌਜੂਦਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਵਾਸੀ ਪਿੰਡ ਖਵਾਸਪੁਰ ਜ਼ਿਲ੍ਹਾ ਤਰਨਤਰਨ ਨੂੰ ਜਿੱਥੇ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ, ਉੱਥੇ ਹੀ ਉਸ ਦੇ ਕੱਪੜੇ ਉਤਾਰ ਕੇ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਮਾਈਨਿੰਗ ਮਾਮਲੇ 'ਚ ਵਿਧਾਇਕ ਲਾਲਪੁਰਾ ਦਾ ਨਾਂ ਲੈਣ ਸਬੰਧੀ ਦਬਾਅ ਬਣਾਇਆ ਗਿਆ। ਇਸ ਸਾਰੇ ਮਾਮਲੇ ਵਿੱਚ ਨਿਸ਼ਾਨ ਸਿੰਘ ਦੀ ਵੀਡੀਓ ਵੀ ਬਣਾਈ ਗਈ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਟਰਾਂਸਪੋਰਟ ਟੈਂਡਰ ਘਪਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ 2 ਕਰੀਬੀ ਸਾਥੀਆਂ ਨੇ ਕੀਤਾ ਸਰੰਡਰ

ਇਸ ਸਾਰੇ ਮਾਮਲੇ ਸਬੰਧੀ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਵੱਲੋਂ ਬੀਤੇ ਕੱਲ੍ਹ ਸੋਸ਼ਲ ਮੀਡੀਆ 'ਤੇ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੂੰ ਸਿੱਧੇ ਤੌਰ 'ਤੇ ਧਮਕੀ ਦਿੰਦਿਆਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਸਨ। ਇਸ ਦੇ ਨਾਲ ਹੀ ਵਿਧਾਇਕ ਵੱਲੋਂ ਆਪਣੀ ਸਕਿਓਰਿਟੀ ਵੀ ਵਾਪਸ ਕਰਦਿਆਂ ਜਲਦ ਸਖਤ ਕਾਰਵਾਈ ਦਾ ਸਮਾਂ ਦਿੱਤਾ ਗਿਆ ਸੀ।

ਇਸ ਮਾਮਲੇ ਸਬੰਧੀ ਵੀਰਵਾਰ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇੰਨਾ ਹੀ ਨਹੀਂ, ਡੀ.ਆਈ.ਜੀ. ਬਾਰਡਰ ਰੇਂਜ ਫਿਰੋਜ਼ਪੁਰ ਰਣਜੀਤ ਸਿੰਘ ਢਿੱਲੋਂ ਵੱਲੋਂ ਇਸ ਸਾਰੇ ਮਾਮਲੇ ਵਿੱਚ ਜਾਂਚ ਨੂੰ ਅੱਗੇ ਵਧਾਉਂਦਿਆਂ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ, ਸੀਆਈਏ ਸਟਾਫ ਤਰਨਤਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ, ਸਬ-ਇੰਸਪੈਕਟਰ ਸੁਰਜੀਤ ਸਿੰਘ, ਏਐੱਸਆਈ ਪਰਮਦੀਪ ਸਿੰਘ ਤੇ ਏਐੱਸਆਈ ਹਰਮੀਕ ਸਿੰਘ ਨੂੰ ਤੁਰੰਤ ਮੁਅੱਤਲ ਕਰਦਿਆਂ ਵਿਭਾਗੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News