ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ 28 ਤੱਕ ਭੇਜਿਆ ਨਿਆਇਕ ਹਿਰਾਸਤ ''ਚ
Tuesday, Aug 15, 2017 - 04:28 AM (IST)

ਅਜਨਾਲਾ/ਸੁਧਾਰ, (ਬਾਠ)- ਬੀਤੇ ਦਿਨੀਂ ਤਿੰਨ ਪਿੰਡਾਂ ਤਲਵੰਡੀ ਭੰਗਵਾਂ, ਕੋਟ ਮੁਗਲ ਤੇ ਮੱਦੁਛਾਂਗਾ ਦੇ ਸਾਂਝੇ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਏ ਦੋਸ਼ੀ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾਂ ਨੂੰ ਅੱਜ ਪੁਲਸ ਪਾਰਟੀ ਅਜਨਾਲਾ ਨੇ ਸਥਾਨਕ ਅਦਲਾਤ 'ਚ ਪੇਸ਼ ਕੀਤਾ ਜਿਥੋਂ ਮਾਣਯੋਗ ਅਦਾਲਤ ਨੇ ਉਕਤ ਦੋਸ਼ੀ ਨੂੰ 28 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਹੁਕਮ ਸੁਣਾਇਆ।
ਇਸ ਸਬੰਧੀ ਥਾਣਾ ਮੁਖੀ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਬੀਤੀ 8 ਅਗਸਤ ਨੂੰ ਉਪਰੋਕਤ ਘਟਨਾ ਦੇ ਦੋਸ਼ੀ ਨੂੰ ਉਸੇ ਰਾਤ ਗ੍ਰਿਫਤਾਰ ਕਰ ਕੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ੀ ਪਾਏ ਜਾਣ 'ਤੇ ਧਾਰਾ 295-ਏ ਤਹਿਤ ਪਰਚ ਦਰਜ ਕਰ ਲਿਆ ਗਿਆ ਸੀ ਅਤੇ ਅਗਲੇ ਦਿਨ ਮਾਣਯੋਗ ਅਦਾਲਤ ਨੇ ਪੇਸ਼ੀ ਦੌਰਾਨ ਉਕਤ ਦੋਸ਼ੀ ਨੂੰ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ ਜਿਸ ਤੋਂ ਬਾਅਦ ਅੱਜ ਰਿਮਾਂਡ ਦੀ ਮਿਅਦ ਪੁੱਗਣ 'ਤੇ ਦੁਬਾਰਾ ਫਿਰ ਉਕਤ ਵਿਅਕਤੀ ਨੂੰ ਸੰਬੰਧਿਤ ਅਦਾਲਤ ਨੇ 28 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਪੁਲਸ ਪਾਰਟੀ 'ਚ ਏ. ਐੱਸ. ਆਈ. ਮੁਖਤਿਆਰ ਸਿੰਘ, ਹੈੱਡ ਕਾਂਸਟੇਬਲ ਜਸਵਿੰਦਰ ਸਿੰਘ, ਕਾਂਸਟੇਬਲ ਪਵਿੱਤਰ ਸਿੰਘ, ਕਾਂਸਟੇਬਲ ਸਤਨਾਮ ਸਿੰਘ ਤੇ ਬਲਦੇਵ ਸਿੰਘ ਸ਼ਾਮਿਲ ਸਨ।