ਖੁਲਾਸਾ ; ਹੁਣ ਤੱਕ ਜਲੰਧਰ ਤੋਂ 30 ਕਾਰਾਂ ਕੀਤੀਆਂ ਚੋਰੀ
Saturday, Mar 24, 2018 - 07:10 AM (IST)

ਜਲੰਧਰ, (ਮ੍ਰਿਦੁਲ)— ਜਲੰਧਰ-ਪਠਾਨਕੋਟ ਵਿਚ ਹਾਈਟੈਕ ਕਾਰ ਚੋਰ ਗਿਰੋਹ ਦੇ ਮਾਸਟਰਮਾਈਂਡ ਸ਼ਬੀਰ ਅਹਿਮਦ ਨੂੰ ਕੋਰਟ ਵਿਚ ਪੇਸ਼ ਕਰ ਕੇ 3 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਮੁਲਜ਼ਮ ਸ਼ਬੀਰ ਅਹਿਮਦ ਨੂੰ ਸਬ-ਇੰਸਪੈਕਟਰ ਭਗਵੰਤ ਭੁੱਲਰ, ਏ. ਐੱਸ. ਆਈ. ਨਰਿੰਦਰ ਮੋਹਨ ਤੇ ਹੈੱਡ ਕਾਂਸਟੇਬਲ ਕੁਲਵੰਤ ਸਿੰਘ ਨੇ ਅੱਜ ਮਾਣਯੋਗ ਜੱਜ ਜੇ. ਐੱਮ. ਆਈ. ਸੀ. ਤਰੁਣਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ।
ਪੁਲਸ ਨੇ ਇਹ ਕਹਿ ਕੇ ਰਿਮਾਂਡ ਮੰਗਿਆ ਕਿ ਸ਼ਬੀਰ ਨੇ ਜਾਂਚ ਵਿਚ ਕਾਰਾਂ ਚੋਰੀ ਕਰਨ ਤੋਂ ਬਾਅਦ ਲੁਕੋਣ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਵਾਈ ਹੈ। ਜਿਥੋਂ ਪੁਲਸ ਨੇ ਕਾਰਾਂ ਦੀ ਬਰਾਮਦਗੀ ਕਰਨੀ ਹੈ। ਦੱਸਣਯੋਗ ਹੈ ਕਿ ਪੁਲਸ ਮੁਤਾਬਕ ਕੇਸ ਵਿਚ ਫੜਿਆ ਗਿਆ ਮੁਲਜ਼ਮ ਇੰਨਾ ਸ਼ਾਤਿਰ ਤੇ ਕਾਨੂੰਨੀ ਹੈ ਕਿ ਉਸਨੇ ਆਪਣੇ ਹੱਕ ਵਿਚ ਇਕ ਵਕੀਲ ਖੜ੍ਹਾ ਕੀਤਾ ਹੈ, ਜੋ ਉਸਦੇ ਪੱਖ ਵਿਚ ਕੇਸ ਲੜ ਰਿਹਾ ਹੈ। ਓਧਰ ਜਾਂਚ ਵਿਚ ਉਸਨੇ ਕੇਸਰ ਨਾਮਕ ਇਕ ਵਿਅਕਤੀ ਦਾ ਜ਼ਿਕਰ ਕੀਤਾ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ। ਸਬ-ਇੰਸਪੈਕਟਰ ਭਗਵੰਤ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਸ਼ਬੀਰ ਨੇ ਜਾਂਚ ਵਿਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਗੈਂਗ ਵਿਚ ਕੇਸਰ ਨਾਂ ਦਾ ਵਿਅਕਤੀ ਵੀ ਇਨਵਾਲਵ ਸੀ, ਜੋ ਵਾਰਦਾਤ ਕਰਨ ਵਾਲੀ ਥਾਂ ਦੇ ਨੇੜੇ ਤੇੜੇ ਦੇ ਇਲਾਕੇ ਵਿਚ ਇਕ ਲੋਕਲ ਬੰਦੇ ਨੂੰ ਲੱਭ ਕੇ ਰਸਤਾ ਗਾਈਡ ਕਰਦਾ ਸੀ। ਉਸਦੀ ਮਦਦ ਨਾਲ ਹੀ ਉਨ੍ਹਾਂ ਜਲੰਧਰ ਵਿਚੋਂ ਕੁਲ 30 ਗੱਡੀਆਂ ਚੋਰੀ ਕੀਤੀਆਂ।
ਸ਼ਬੀਰ ਜਾਂਚ ਵਿਚ ਨਹੀਂ ਕਰ ਰਿਹਾ ਸਹਿਯੋਗ, ਸਾਰੀ ਗੱਲ ਫਿਆਜ਼ 'ਤੇ ਸੁੱਟ ਰਿਹਾ
ਸ਼ਬੀਰ ਇੰਨਾ ਸ਼ਾਤਿਰ ਹੈ ਕਿ ਉਹ ਵਾਰ-ਵਾਰ ਬਿਆਨ ਬਦਲ ਰਿਹਾ ਹੈ। ਪੁਲਸ ਕੋਲ ਪਰੂਫ ਹੈ ਕਿ ਉਹ ਜਿਸ-ਜਿਸ ਕਾਲ ਲੋਕੇਸ਼ਨ 'ਤੇ ਸੀ, ਉਥੇ ਉਸਦੇ ਨਾਲ ਇਕ ਹੋਰ ਵਿਅਕਤੀ ਵੀ ਮੌਜੂਦ ਸੀ, ਜੋ ਜਲੰਧਰ ਦਾ ਹੀ ਹੈ ਪਰ ਸ਼ਬੀਰ ਬਿਆਨ ਦੇ ਰਿਹਾ ਹੈ ਕਿ ਗੈਂਗ ਦਾ ਕਿੰਗ ਪਿੰਗ ਫਿਆਜ਼ ਹੈ। ਫਿਆਜ਼ ਨੇ ਹੀ ਉਸਨੂੰ ਗੱਡੀਆਂ ਚੋਰੀ ਕਰਨ ਵਿਚ ਟ੍ਰੇਂਡ ਕੀਤਾ।
ਪੋਸਟ ਗ੍ਰੈਜੂਏਟ ਹੈ ਸ਼ਬੀਰ ਤੇ ਫਿਆਜ਼
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਬੀਰ ਤੇ ਫਿਆਜ਼ ਦੋਵੇਂ ਪੋਸਟ ਗ੍ਰੈਜੂਏਟ ਹਨ। ਫਿਆਜ਼ ਤਾਂ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕਰ ਚੁੱਕਾ ਹੈ, ਜਿਸ ਕਾਰਨ ਉਹ ਟੈਕਨੀਕਲੀ ਵੀ ਸਟ੍ਰਾਂਗ ਸੀ। ਭਾਵੇਂ 3 ਮਾਰਚ ਨੂੰ ਸੂਰਿਆ ਐਨਕਲੇਵ ਵਿਚ ਦੋ ਗੱਡੀਆਂ ਦੇ ਨਾਲ-ਨਾਲ ਨਿਊ ਕੈਲਾਸ਼ ਨਗਰ ਵਿਚ ਵੀ ਸ੍ਰਿਸ਼ਟੀ ਪਾਲ ਦੀ ਗੱਡੀ ਚੋਰੀ ਹੋਈ ਸੀ। ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਸੀ ਕਿ ਗੈਂਗ ਵਿਚ 5-6 ਵਿਅਕਤੀ ਸ਼ਾਮਲ ਹਨ।
ਡੇਢ ਸਾਲ ਤੋਂ ਪੁਲਸ ਲੱਭ ਰਹੀ ਕਾਲੀ ਧਾਰੀ ਵਾਲੀ ਸਵਿਫਟ ਕਾਰ ਗਿਰੋਹ ਨੂੰ
ਸਬ-ਇੰਸਪੈਕਟਰ ਭਗਵੰਤ ਭੁੱਲਰ ਨੇ ਦੱਸਿਆ ਕਿ ਇਹ ਗਿਰੋਹ 2.30 ਵਜੇ ਤੋਂ ਲੈ ਕੇ 4 ਵਜੇ ਦੇ ਦਰਮਿਆਨ ਹੀ ਕਾਰਾਂ ਨੂੰ ਚੋਰੀ ਕਰਦਾ ਸੀ। ਪੁਲਸ ਨੂੰ ਇਸ ਗਿਰੋਹ ਦੀ ਪਿਛਲੇ ਡੇਢ ਸਾਲ ਤੋਂ ਭਾਲ ਸੀ।