ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਤੁਰੰਤ ਰੱਦ ਕਰੋ
Wednesday, Feb 28, 2018 - 07:18 AM (IST)

ਮੋਹਾਲੀ (ਨਿਆਮੀਆਂ) - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਰਾਜਸਥਾਨ ਦੇ ਇਕ ਸੇਵਾਮੁਕਤ ਅਫਸਰ ਮਨੋਹਰ ਕਾਂਤ ਕਲੋਹੀਆ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇਥੇ ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਇਕ ਸੇਵਾਮੁਕਤ ਨੌਕਰਸ਼ਾਹ ਦੀ ਚੇਅਰਮੈਨ ਵਜੋਂ ਨਿਯੁਕਤੀ ਕਰਨਾ ਪੰਜਾਬ ਸਰਕਾਰ ਦਾ ਇਕ ਬੇਹੱਦ ਮੂਰਖਤਾ ਭਰਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਾਬਿਲ ਸਿੱਖਿਆ ਸ਼ਾਸਤਰੀਆਂ, ਅਕਾਦਮਿਕ ਖੇਤਰ ਨਾਲ ਜੁੜੇ ਵਿਦਵਾਨਾਂ ਅਤੇ ਪੰਜਾਬ ਵਿਚ ਸੇਵਾ ਨਿਭਾ ਰਹੇ ਜਾਂ ਸੇਵਾਮੁਕਤ ਨੌਕਰਸ਼ਾਹਾਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਹੈ ਕਿ ਇਸ ਮੋਤੀਆਂ ਵਾਲੀ ਸਰਕਾਰ ਨੂੰ ਪੰਜਾਬ ਵਿਚੋਂ ਇਕ ਵੀ ਅਜਿਹਾ ਯੋਗ ਵਿਅਕਤੀ ਨਹੀਂ ਲੱਭਾ, ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਪੰਜਾਬ ਦੀ ਪੰਜਾਬੀ ਭਾਵਨਾ ਨਾਲ ਇਕ ਕੋਝਾ ਮਜ਼ਾਕ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਸਕੂਲਾਂ ਦੇ ਪਾਠਕ੍ਰਮ ਦਾ ਭਗਵਾਕਰਨ ਨਹੀਂ ਹੋਣ ਦੇਣਗੇ।