ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀ ਵਰਦੀਆਂ ਤੋਂ ਵਾਂਝੇ

Tuesday, Nov 14, 2017 - 01:18 AM (IST)

ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀ ਵਰਦੀਆਂ ਤੋਂ ਵਾਂਝੇ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਕੜਾਕੇ ਦੀ ਠੰਡ ਤੇ ਸੰਘਣੀ ਹੁੰਦੀ ਜਾ ਰਹੀ ਧੁੰਦ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਮੁਹਾਲ ਹੋ ਰਿਹਾ ਹੈ ਅਤੇ ਅਜਿਹੇ ਹਾਲਾਤ 'ਚ ਜ਼ਿਲੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀ ਸਰਦ ਰੁੱਤ ਦੀ ਵਰਦੀ ਨਾ ਮਿਲਣ ਕਾਰਨ ਠੰਡ 'ਚ ਠੁਰ-ਠੁਰ ਕਰ ਰਹੇ ਹਨ। ਸਰਕਾਰ ਤੇ ਸਿੱਖਿਆ ਵਿਭਾਗ ਅੱਧਾ ਨਵੰਬਰ ਲੰਘਣ ਦੇ ਬਾਵਜੂਦ ਅਜੇ ਤੱਕ ਵਿਦਿਆਰਥੀਆਂ ਨੂੰ ਸਰਦ ਰੁੱਤ ਦੀ ਵਰਦੀ ਮੁਹੱਈਆ ਕਰਵਾਉਣ 'ਚ ਅਸਫਲ ਹਨ ਅਤੇ ਵਿਦਿਆਰਥੀ ਸਰਕਾਰ ਦੀ ਗਰਮ ਵਰਦੀ ਨੂੰ ਉਡੀਕ ਰਹੇ ਹਨ।
 ਸਰਵ ਸਿੱਖਿਆ ਅਭਿਆਨ ਅਧੀਨ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਮੁਹੱਈਆ ਕਰਵਾਉਣ ਲਈ ਅਜੇ ਜ਼ਿਲਾ ਪੱਧਰ 'ਤੇ ਹੀ ਪ੍ਰਾਇਮਰੀ ਸਕੂਲਾਂ ਲਈ ਹੀ ਫੰਡ ਜਾਰੀ ਹੋਇਆ ਹੈ ਜਦੋਂਕਿ ਮਿਡਲ ਸਕੂਲਾਂ ਦੇ ਵਿਦਿਆਰਥੀ ਵਰਦੀਆਂ ਤੋਂ ਵਾਂਝੇ ਹਨ। ਇਨ੍ਹਾਂ ਦੀ ਵਰਦੀ ਲਈ ਫੰਡ ਕਦੋਂ ਜਾਰੀ ਹੋਵੇਗਾ, ਇਸ ਬਾਬਤ ਪੱਕੀ ਜਾਣਕਾਰੀ ਨਹੀਂ ਹੈ। ਪਿਛਲੇ ਵਰ੍ਹੇ ਵੀ ਇਹ ਫੰਡ ਲੇਟ ਹੀ ਆਏ ਸਨ। ਉਂਝ ਤਾਂ ਸਰਕਾਰਾਂ ਤੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ 'ਚ ਸੁਧਾਰ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਦੇਣ ਸਮੇਂ ਇਨ੍ਹਾਂ ਦਾ ਬਜਟ ਸੁੰਗੜ ਜਾਂਦਾ ਹੈ।
ਸਿਰਫ 400 ਰੁਪਏ ਪ੍ਰਤੀ ਵਿਦਿਆਰਥੀ ਹੀ ਮਿਲਦੈ ਫੰਡ
ਅੱਜ-ਕੱਲ ਦੇ ਮਹਿੰਗਾਈ ਦੇ ਯੁੱਗ ਵਿਚ ਵਿਭਾਗ ਪ੍ਰਤੀ ਵਿਦਿਆਰਥੀ ਵਰਦੀ ਲਈ ਸਿਰਫ 400 ਰੁਪਏ ਹੀ ਮੁਹੱਈਆ ਕਰਾਉਂਦਾ ਹੈ ਜਦੋਂਕਿ 400 ਰੁਪਏ ਵਿਚ ਵਿਦਿਆਰਥੀ ਲਈ ਕੋਟੀ ਵੀ ਨਹੀਂ ਆਉਂਦੀ, ਬਾਕੀ ਦੀਆਂ ਚੀਜ਼ਾਂ ਤਾਂ ਦੂਰ ਰਹੀਆਂ। 400 ਰੁਪਏ ਵਿਚ ਲੜਕੇ ਲਈ ਇਕ ਪੈਂਟ ਕਮੀਜ਼, ਜੁਰਾਬਾਂ ਦਾ ਜੋੜਾ, ਬੂਟ, ਸਵੈਟਰ ਅਤੇ ਟੋਪੀ ਜਾਂ ਪਟਕਾ ਲੈÎਣਾ ਹੁੰਦਾ ਹੈ ਅਤੇ ਲੜਕੀਆਂ ਲਈ ਸਲਵਾਰ ਕਮੀਜ਼, ਦੁਪੱਟਾ ਅਤੇ ਸਵੈਟਰ ਖਰੀਦਣਾ ਹੁੰਦਾ ਹੈ। ਕਈ ਸਾਲਾਂ ਤੋਂ 400 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਹੀ ਫੰਡ ਦਿੱਤਾ ਜਾ ਰਿਹਾ ਹੈ ਅਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਮਹਿੰਗਾਈ ਦੀ ਵਧੀ ਦਰ ਨੂੰ ਵੇਖਦਿਆਂ ਇਸ ਵਿਚ ਵਾਧਾ ਕਰਨਾ ਮੁਨਾਸਿਬ ਨਹੀਂ ਸਮਝਿਆ।
ਕਿੰਨੇ ਵਿਦਿਆਰਥੀ ਨੇ ਵਰਦੀ ਤੋਂ ਵਾਂਝੇ
  ਜ਼ਿਲੇ 'ਚ ਕੁਲ ਸਰਕਾਰੀ ਮਿਡਲ ਸਕੂਲ 360 ਅਤੇ ਸਰਕਾਰੀ ਪ੍ਰਾਇਮਰੀ 668 ਸਕੂਲ ਹਨ। ਹੁਣ ਤੱਕ ਪ੍ਰਾਇਮਰੀ ਸਕੂਲਾਂ ਦੀਆਂ 27178 ਕੁੜੀਆਂ, 17991 ਲੜਕੇ (ਐੱਸ.ਸੀ.) ਤੇ 2307 ਬੀ. ਪੀ. ਐੱਲ. ਲੜਕਿਆਂ ਨੂੰ ਹੀ ਵਰਦੀ ਮਿਲੀ ਹੈ ਜਦੋਂਕਿ ਪਹਿਲੀ ਤੋਂ 8ਵੀਂ ਜਮਾਤ ਤੱਕ 48354 ਕੁੜੀਆਂ ਲਈ, 31657 ਐੱਸ. ਸੀ. ਲੜਕੀਆਂ ਲਈ ਅਤੇ 2907 ਬੀ. ਪੀ. ਐੱਲ. ਲੜਕਿਆਂ ਲਈ ਵਰਦੀ ਦੀ ਜ਼ਰੂਰਤ ਹੈ। ਕੁਲ 82917 ਵਿਦਿਆਰਥੀਆਂ ਲਈ ਵਰਦੀਆਂ ਦੀ ਮੰਗ ਹੈ ਪਰ ਜ਼ਿਲੇ ਦੇ 47470 ਵਿਦਿਆਰਥੀਆਂ ਨੂੰ ਹੀ ਵਰਦੀ ਮਿਲੀ ਹੈ।


Related News