ਗੰਦਾ ਛੱਪੜ ਜਲ ਸ਼ੁੱਧੀਕਰਨ ਪਲਾਂਟ ''ਚ ਹੋਇਆ ਤਬਦੀਲ

Tuesday, Jun 12, 2018 - 02:22 AM (IST)

ਗੰਦਾ ਛੱਪੜ ਜਲ ਸ਼ੁੱਧੀਕਰਨ ਪਲਾਂਟ ''ਚ ਹੋਇਆ ਤਬਦੀਲ

ਬਠਿੰਡਾ(ਜ.ਬ.)-ਜ਼ਿਲਾ ਬਠਿੰਡਾ ਦੇ ਪਿੰਡ ਬੀੜ ਬਹਿਮਣ 'ਚ 5 ਏਕੜ 'ਚ ਸਥਿਤ ਗੰਦੇ ਪਾਣੀ ਦੇ ਛੱਪੜ ਦੀ ਨੁਹਾਰ ਬਦਲ ਕੇ ਉਸਨੂੰ ਇਕ ਜਲ ਸ਼ੁੱਧੀਕਰਨ ਪਲਾਂਟ 'ਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਰੋਜ਼ਾਨਾ 21 ਹਜ਼ਾਰ ਲਿਟਰ ਪਾਣੀ ਸਾਫ਼ ਕਰੇਗਾ। ਉਕਤ ਛੱਪੜ 'ਚ ਜਾਣ ਵਾਲਾ ਮੀਂਹ ਦਾ ਪਾਣੀ ਸ਼ੁੱਧ ਕਰ ਕੇ ਉਸਨੂੰ ਖੇਤਾਂ 'ਚ ਸਪਲਾਈ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਇਹ ਤਕਨੀਕ ਬਹੁਤ ਸਧਾਰਨ ਅਤੇ ਸਸਤੀ ਹੈ ਜੋ ਦਿਹਾਤੀ ਇਲਾਕੇ 'ਚ ਪਾਣੀ ਨੂੰ ਸਾਫ਼ ਕਰਨ ਲਈ ਪ੍ਰਯੋਗ ਕੀਤੀ ਜਾ ਸਕਦੀ ਹੈ। ਇਹ ਤਕਨੀਕ ਇਸ ਕਦਰ ਪ੍ਰਭਾਵਸ਼ਾਲੀ ਹੈ ਕਿ ਇਸ ਨਾਲ ਪਾਣੀ ਵਿਚ ਘੁਲੀ ਆਕਸੀਜਨ ਦੇ ਪੱਧਰ ਨੂੰ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਵਧਾਇਆ ਜਾ ਸਕਦਾ ਹੈ ਅਤੇ ਪਾਣੀ ਵਿਚ ਘੁਲੇ ਠੋਸ ਕਚਰੇ ਨੂੰ 90 ਫੀਸਦੀ ਤਕ ਸਮਾਪਤ ਕੀਤਾ ਜਾ ਸਕਦਾ ਹੈ। ਐਨਾ ਹੀ ਨਹੀਂ ਇਸ ਨਾਲ ਪਾਣੀ ਵਿਚ ਅਮੋਨੀਆ ਦਾ ਪੱਧਰ ਵੀ ਘੱਟ ਹੋ ਜਾਂਦਾ ਹੈ। 
ਪਿੰਡ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਮਿਲੇਗਾ ਛੁਟਕਾਰਾ
ਪਿੰਡ ਦੇ ਸਰਪੰਚ ਸੰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ 5 ਏਕੜ ਛੱਪੜ ਵਿਚ ਗਾਰ ਤੇ ਗੰਦਾ ਪਾਣੀ ਭਰਿਆ ਰਹਿੰਦਾ ਸੀ। ਇਸ ਨਾਲ ਪੂਰੇ ਪਿੰਡ ਵਿਚ ਬਦਬੂ ਫੈਲਦੀ ਸੀ। ਸਤੰਬਰ 2017 'ਚ ਸਰਕਾਰ ਦੀ ਸਹਾਇਤਾ ਨਾਲ ਮਗਨਰੇਗਾ ਯੋਜਨਾ ਦੇ ਤਹਿਤ ਇਸਦਾ ਰੂਪ ਬਦਲਣਾ ਸ਼ੁਰੂ ਕੀਤਾ ਗਿਆ। ਏ. ਡੀ. ਸੀ. ਸਾਕਸ਼ੀ ਸਾਹਨੀ ਨੇ ਦੱਸਿਆ ਕਿ 2500 ਦੀ ਆਬਾਦੀ ਵਾਲੇ ਇਸ ਪਿੰਡ ਵਿਚ ਇਹ ਪ੍ਰੋਜੈਕਟ ਜਲਦ ਪੂਰਾ ਹੋ ਜਾਵੇਗਾ। ਇਸ ਨਾਲ ਜਿਥੇ ਵਾਤਾਵਰਣ ਸਾਫ਼ ਹੋਵੇਗਾ, ਉਥੇ ਕਿਸਾਨਾਂ ਨੂੰ ਫ਼ਸਲਾਂ ਲਈ ਬਿਹਤਰ ਪਾਣੀ ਵੀ ਮਿਲੇਗਾ। ਬਾਕੀ ਬਚੀ ਕੁਝ ਜਗ੍ਹਾ ਵਿਚ ਮਾਰਕੀਟ ਬਣਾਈ ਜਾਵੇਗੀ ਜਿਥੇ ਪਿੰਡ ਦੇ ਲੋਕ ਦੁਕਾਨਾਂ ਲੈ ਕੇ ਕੰਮਕਾਜ ਕਰ ਸਕਣਗੇ। ਇਸਦੇ ਨਾਲ ਹੀ ਹਰੀ ਪੱਟੀ ਵੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ. ਡੀ. ਓ. ਮਹੇਸ਼ ਗਰਗ, ਏ. ਪੀ. ਓ. ਮੁਖਤਿਆਰ ਸਿੰਘ ਅਤੇ ਜੇ. ਈ. ਗੁਰਤੇਜ ਸਿੰਘ ਸ਼ੁਰੂ ਤੋਂ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ।
ਕਿਵੇਂ ਕੰਮ ਕਰੇਗਾ ਇਹ ਪ੍ਰੋਜੈਕਟ
ਉਕਤ ਪਲਾਂਟ 'ਚ ਕੁਲ ਚਾਰ ਡਿੱਗੀਆਂ ਬਣਾਈਆਂ ਗਈਆਂ ਹਨ। ਪਹਿਲੀ ਡਿੱਗੀ 'ਚ ਪਿੰਡ ਦਾ ਗੰਦਾ ਪਾਣੀ ਆਵੇਗਾ, ਜਿਸ ਵਿਚ ਘੁਲੀ ਪਲਾਸਟਿਕ ਅਤੇ ਹੋਰ ਠੋਸ ਕਚਰਾ ਅਲੱਗ ਹੋ ਜਾਵੇਗਾ। 
ਦੂਸਰੀ ਡਿੱਗੀ ਵਿਚ ਪਾਣੀ ਵਿਚ ਘੁਲੀ ਗਾਰ ਅਤੇ ਤੀਸਰੀ ਵਿਚ ਪਾਣੀ ਵਿਚ ਘੁਲੇ ਹੋਏ ਤੇਲ ਯੁਕਤ ਪਦਾਰਥ ਅਲੱਗ ਹੋ ਜਾਣਗੇ। ਚੌਥੀ ਡਿੱਗੀ 'ਚ ਪਾਣੀ ਸਾਫ ਹੋ ਕੇ ਖੁੱਲ੍ਹੇ ਤਲਾਅ ਵਿਚ ਭਰਿਆ ਜਾਵੇਗਾ। ਇਸ ਨਾਲ ਨਾ ਕੇਵਲ ਭੂ-ਜਲ ਰੀਚਾਰਜ ਹੋਵੇਗਾ ਬਲਕਿ ਉਕਤ ਪਾਣੀ ਸਿੰਚਾਈ ਦੇ ਲਈ ਵੀ ਪ੍ਰਯੋਗ ਹੋ ਸਕੇਗਾ। 


Related News