ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ ਪਿੰਡ ਰੜਾ ਦੇ ਨਿਵਾਸੀ

05/24/2018 4:53:08 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਬੇਟ ਇਲਾਕੇ ਦੇ ਪਿੰਡ ਰੜਾ 'ਚ ਗੰਦੇ ਪਾਣੀ ਦੀ ਨਿਕਾਸੀ ਪਿੰਡ ਵਾਸੀਆਂ ਲਈ ਪਿਛਲੇ ਲੰਬੇ ਸਮੇ ਤੋਂ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਪਿੰਡ ਦੀਆਂ ਗਲੀਆਂ ਸਦਾਬਹਾਰ ਛੱਪੜ ਬਣੀਆਂ ਰਹਿੰਦੀਆਂ ਹਨ। ਜਿਸ ਕਰਕੇ ਪਿੰਡ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਪਿੰਡ ਦੀ ਇਸ ਸਮੱਸਿਆ ਬਾਰੇ ਸੁਖਦੀਪ ਸਿੰਘ ਸੰਧੂ, ਵਿੱਦਿਆ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਕਿਰਪਾਲ ਸਿੰਘ, ਰਾਜਦੀਪ ਸਿੰਘ, ਸ਼ਿਵਦੀਪ ਸਿੰਘ ਨੇ ਦੱਸਿਆ ਕਿ ਹਾਲਾਂਕਿ ਪੂਰੇ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਪਰ ਵਾਰਡ 3 ਅਤੇ ਸਲੇਮਪੁਰ ਨੂੰ ਜਾਂਦੇ ਸੜਕ ਕੰਢੇ ਪਿੰਡ ਦੀ ਆਬਾਦੀ ਇਸ ਸਮੱਸਿਆ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ।

PunjabKesari
ਵਾਰਡ ਤਿੰਨ ਵਿੱਚ ਨਾਲੀਆਂ ਦਾ ਪਾਣੀ ਗਲੀ 'ਚ ਖੜ੍ਹਾ ਰਹਿੰਦਾ ਹੈ ਜਿੱਥੋਂ ਪੈਦਲ ਲੰਘਣਾ ਬੇਹੱਦ ਔਖਾ ਹੈ। ਸਕੂਲ ਆਉਣ ਜਾਣ ਵਾਲੇ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਬਦਬੂਦਾਰ ਵਾਤਾਵਰਨ ਅਤੇ ਗੰਦੇ ਪਾਣੀ ਕਾਰਨ ਕਿਸੇ ਬੀਮਾਰੀ ਫੈਲਣ ਦਾ ਡਰ ਰਹਿੰਦਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਜਲਦ ਤੋਂ ਜਲਦ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਸੰਜੀਦਾ ਉੱਦਮ ਕਰਨ ਦੀ ਅਪੀਲ ਕੀਤੀ। ਇਸ ਬਾਰੇ ਬੀ. ਡੀ. ਪੀ .ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਸਮੱਸਿਆ ਉਨ੍ਹਾਂ ਦੇ ਨੋਟਿਸ 'ਚ ਹੈ ਅਤੇ ਉਨ੍ਹਾਂ ਮੌਕਾ ਦੇਖਿਆ ਹੈ ਨਿਕਾਸੀ ਲਈ ਪਾਏ ਗਏ ਪਾਈਪ ਬੰਦ ਹੋਏ ਹਨ। ਜਲਦ ਹੀ ਗਰਾਂਟ ਆਉਣ 'ਤੇ ਨਿਕਾਸੀ ਲਈ ਕੰਮ ਕਰਵਾਇਆ ਜਾਵੇਗਾ।


Related News