ਸਰਕਾਰ ਵਲੋਂ ਕੋਚਾਂ ਦੀਆਂ ਜਾਇਜ਼ ਮੰਗਾਂ ਸੁਹਿਰਦਤਾ ਨਾਲ ਵਿਚਾਰੀਆਂ ਜਾਣਗੀਆਂ : ਡਾਇਰੈਕਟਰ ਖੇਡ ਵਿਭਾਗ

Friday, May 21, 2021 - 01:21 AM (IST)

ਚੰਡੀਗੜ੍ਹ (ਰਮਨਜੀਤ) - ਖੇਡ ਵਿਭਾਗ ਦੀ ਪੰਜਾਬ ਕੋਚਜ਼ ਐਸੋਸੀਏਸ਼ਨ ਦੇ ਇਕ ਵਫ਼ਦ ਵਲੋਂ ਕੋਚਾਂ ਦੀਆਂ ਲੰਬਿਤ ਪਈਆਂ ਜਾਇਜ਼ ਮੰਗਾਂ ਵੱਲ ਧਿਆਨ ਦਿਵਾਉਣ ਦੇ ਮੱਦੇਨਜ਼ਰ ਅੱਜ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਦੇ ਮੈਂਬਰਾਂ ਨਵਿੰਦਰ ਸਿੰਘ (ਪ੍ਰਧਾਨ), ਜਨਰਲ ਸਕੱਤਰ ਉਮੇਸ਼ ਸ਼ਰਮਾ, ਗੁਰਮੀਤ ਸਿੰਘ ਅਤੇ ਬਲਜੀਤ ਸਿੰਘ ਨੇ ਡਾਇਰੈਕਟਰ ਨੂੰ ਵਿਭਾਗ ਵਿਚ ਤਰੱਕੀਆਂ, ਤਾਇਨਾਤੀਆਂ ਅਤੇ ਤਬਾਦਲਿਆਂ ਸਬੰਧੀ ਲੰਬੇ ਸਮੇਂ ਤੋਂ ਲੰਬਿਤ ਪਈਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਕੋਚ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਢੰਗ ਨਾਲ ਸੇਧ ਦੇਣ ਲਈ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਸੇਵਾਵਾਂ ਨਿਭਾ ਰਹੇ ਹਨ। ਵਫ਼ਦ ਨੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਕੋਚਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਕਿਉਂਕਿ ਇਸ ਨਾਲ ਡਿਊਟੀ ਹੋਰ ਵਧੇਰੇ ਉਤਸ਼ਾਹ ਨਾਲ ਨਿਭਾਉਣ ਲਈ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।

ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

 

ਇਸ ਦੌਰਾਨ ਵਫ਼ਦ ਨਾਲ ਗੱਲਬਾਤ ਕਰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐੱਸ. ਖਰਬੰਦਾ ਨੇ ਸੂਬੇ ਭਰ ਦੇ ਕੋਚਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਪੂਰੀ ਹਮਦਰਦੀ ਨਾਲ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਮ ਤੌਰ ’ਤੇ ਅਤੇ ਵਿਸ਼ੇਸ਼ ਕਰਕੇ ਖੇਡ ਵਿਭਾਗ ਯੂਨੀਅਨ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ। ਖਰਬੰਦਾ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਸੇਧ ਦੇ ਕੇ ਪੰਜਾਬ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਜੁਆਇੰਟ ਡਾਇਰੈਕਟਰ ਸਪੋਰਟਸ ਕਰਤਾਰ ਸਿੰਘ ਵੀ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News