ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ 50-70 ਪ੍ਰਤੀਸ਼ਤ ਪਾਣੀ ਦੀ ਹੁੰਦੀ ਹੈ ਬਚਤ
Saturday, May 23, 2020 - 01:02 PM (IST)
ਤਪਾ ਮੰਡੀ(ਸ਼ਾਮ,ਗਰਗ) - ਸਥਾਨਕ ਖੇਤਰ 'ਚ ਇੱਕ ਕਿਸਾਨ ਪਰਿਵਾਰ ਵੱਲੋਂ 35 ਕਿੱਲੇ ਝੋਨੇ ਦੀ ਸਿੱਧੀ ਬੀਜਾਈ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਪਰਿਵਾਰ ਦੇ ਮੁਖੀ ਜਸਵੀਰ ਸਿੰਘ ਪੰਧੇਰ ,ਸਮਿੰਦਰਜੀਤ ਸਿੰਘ ਪੰਧੇਰ,ਰਵਿੰਦਰਜੀਤ ਸਿੰਘ ਪੰਧੇਰ ਨੇ ਬੀਜਾਈ ਕਰਨ ਸਮੇਂ ਮੋਕੇ 'ਤੇ ਜਾਣਕਾਰੀ ਦਿੱਤੀ ਕਿ ਇਸ ਵਾਰ ਕੋਰੋਨਾ ਵਾਇਰਸ ਦੀ ਬੀਮਾਰੀ ਕਾਰਨ ਪ੍ਰਵਾਸੀ ਮਜਦੂਰਾਂ ਦਾ ਸੂਬੇ 'ਚ ਝੋਨਾ ਲਾਉਣ ਲਈ ਆਉਣਾ ਬਹੁਤ ਮੁਸ਼ਕਲ ਜਾਪਦਾ ਹੈ। ਝੋਨੇ ਦੀ ਬੀਜਾਈ ਦਾ ਕੰਮ ਸਿਰ 'ਤੇ ਆ ਗਿਆ ਹੈ ਅਤੇ ਸਥਾਨਕ ਮਜਦੂਰ ਘੱਟੋ-ਘੱਟ 5 ਹਜਾਰ ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਦੀ ਮੰਗ ਕਰ ਰਹੇ ਹਨ। ਜਿਹਡ਼ਾ ਕਿ ਕਿਸਾਨਾਂ ਵਲੋਂ ਦੇਣਾ ਬਹੁਤ ਔਖਾ ਹੈ। ਇਸ ਲਈ ਉਨ੍ਹਾਂ ਨੇ ਝੋਨੇ ਦੀ ਸਿੱਧੀ ਬੀਜਾਈ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਧੀ ਬੀਜਾਈ ਕਰਨ ਲਈ ਮਾਹਰਾਂ ਵੱਲੋਂ ਕਈ ਸਾਲਾਂ ਤੋਂ ਤਜਰਬੇ ਕੀਤੇ ਜਾ ਰਹੇ ਸਨ ਅਤੇ ਹੁਣ ਮਾਹਰਾਂ ਨੇ ਦੱਸਿਆ ਕਿ ਇੱਕ ਵਾਰੀ ਰੌਣੀ ਕਰਕੇ ਉਸ ਨੂੰ ਵਾਹ ਦਿੱਤਾ ਜਾਵੇ ਅਤੇ ਦੂਸਰੀ ਵਾਰ ਫਿਰ ਰੌਣੀ ਕਰਕੇ ਨਦੀਨਾਂ ਨੂੰ ਉਗਾ ਕੇ ਫਿਰ ਵਾਹ ਦਿੱਤਾ ਜਾਵੇ। ਇਸ ਦੋ ਵਾਰਾਂ ਦੀ ਰੌਣੀ ਨਾਲ ਵੱਡੀ ਹੱਦ ਤੱਕ ਨਦੀਨਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਤਰ ਵੱਤਰ ਵਿਚ ਖੇਤ ਨੂੰ ਵਾਹ ਕੇ ਅਤੇ ਤਿੰਨ ਵਾਰ ਸੁਹਾਗਾ ਮਾਰ ਕੇ ਝੋਨੇ ਦੀ ਡਰਿੱਲ ਨਾਲ ਸਿੱਧੀ ਬੀਜਾਈ ਕਰ ਰਹੇ ਹਾਂ। ਇਸ ਦੇ ਨਾਲ-ਨਾਲ ਹੀ ਨਦੀਨ ਨਾਸ਼ਕ ਦਵਾਈ ਦਾ ਸਪਰੇਅ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਨਦੀਨਾ ਦੀ ਰਹਿੰਦ-ਖੂੰਹਦ ਵੀ ਨਸ਼ਟ ਹੋ ਜਾਵੇਗੀ ਅਤੇ ਬੀਜਾਈ ਤੋਂ 21 ਦਿਨਾਂ ਬਾਅਦ ਝੋਨੇ ਦੇ ਹਰੇ ਹੋਣ ਮਗਰੋਂ ਪਾਣੀ ਲਾ ਦਿੱਤਾ ਜਾਵੇਗਾ। ਕਿਸਾਨ ਨੇ ਦੱਸਿਆ ਕਿ ਇਸ ਵਿਧੀ ਨਾਲ ਕੇਵਲ 700 ਰੁਪਏ ਪ੍ਰਤੀ ਏਕੜ ਦਾ ਹੀ ਖਰਚਾ ਆਉਂਦਾ ਹੈ ਜਦੋਂ ਕਿ ਕੱਦੂ ਕਰਕੇ ਰਿਵਾਇਤੀ ਵਿਧੀ ਨਾਲ ਬੀਜਾਈ ਕਰਨ ਨਾਲ 7 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬੀਜਾਈ ਕਰਨ ਨਾਲ ਫਸਲ ਨੂੰ ਕਣਕ ਵਾਂਗ ਹੀ ਪਾਣੀ ਲਾਉਣਾ ਹੁੰਦਾ ਹੈ। ਇਸ ਵਿਧੀ ਨਾਲ 50 ਤੋਂ 70 ਪ੍ਰਤੀਸਤ ਪਾਣੀ ਦੀ ਬਚਤ ਹੁੰਦੀ ਹੈ। ਇਸ ਵਿਧੀ ਨਾਲ ਜਿਥੇ ਖਰਚਾ ਘੱਟ ਆਉਂਦਾ ਹੈ। ਉਥੇ ਪਾਣੀ ਦੇ ਦਿਨ ਪ੍ਰਤੀ ਦਿਨ ਹੇਠਾਂ ਜਾ ਰਹੇ ਪੱਧਰ ਨੂੰ ਵੀ ਠੱਲ ਪਵੇਗੀ ਅਤੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਇਆ ਜਾ ਸਕਦਾ ਹੈ। ਕਿਸਾਨ ਨੇ ਇਸ ਗੱਲ ਦੀ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਹਡ਼ੀ ਮਸ਼ੀਨ ਪਹਿਲਾਂ 45 ਹਜਾਰ ਰੁਪਏ 'ਚ ਆਉਂਦੀ ਸੀ ਉਹ ਹੁਣ 1 ਲੱਖ ਰੁਪਏ 'ਚ ਵੀ ਨਹੀਂ ਮਿਲ ਰਹੀ। ਖੇਤੀ ਮਾਹਰਾਂ ਅਨੁਸਾਰ ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ ਜ਼ਮੀਨ ਵਿਚ ਕੜ ਨਹੀਂ ਬਣਦਾ ਜਿਸ ਨਾਲ ਆਕਸੀਜਨ ਵਧੇਗੀ ਅਤੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ।