ਪੰਜਾਬ ''ਚ ਪੈਰ ਪਸਾਰਣ ਲੱਗੀ ਗਲਘੋਟੂ ਬੀਮਾਰੀ, 2 ਬੱਚਿਆਂ ਦੀ ਮੌਤ

09/23/2019 10:11:32 PM

ਅੰਮ੍ਰਿਤਸਰ, (ਦਲਜੀਤ)-ਪੰਜਾਬ ਵਿਚ ਡਿਪਥੀਰੀਆ (ਗਲਘੋਟੂ) ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਵਾਇਰਸ ਦੇ ਲੱਛਣਾਂ ਨਾਲ ਸਬੰਧਤ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਚ 2 ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਮਰੀਜ਼ ਰਾਜ ਦੇ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਹ ਵਾਇਰਸ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਵਾਇਰਸ ਦੇ ਵਧਦੇ ਜਾ ਰਹੇ ਕਹਿਰ ਨੂੰ ਵੇਖਦੇ ਹੋਏ ਹੁਣ ਸਿਹਤ ਵਿਭਾਗ ਦੇ ਵੀ ਹੱਥ-ਪੈਰ ਫੁੱਲਣ ਲੱਗ ਪਏ ਹਨ।

ਜਾਣਕਾਰੀ ਅਨੁਸਾਰ ਡਿਪਥੀਰੀਆ ਵਾਇਰਸ ਦੇ ਲੱਛਣਾਂ ਨਾਲ ਪੀੜਤ ਮਹਿਤਾ ਰੋਡ ਦੀ ਰਹਿਣ ਵਾਲੀ 4 ਸਾਲ ਦੀ ਨੈਂਸੀ ਅਤੇ ਹੁਸ਼ਿਆਰਪੁਰ ਦੀ ਰਹਿਣ ਵਾਲੀ 11 ਸਾਲ ਦੀ ਪੂਜਾ ਦੀ ਮੌਤ ਹੋ ਗਈ ਹੈ ਜਦਕਿ ਬਟਾਲਾ ਦਾ ਰਹਿਣ ਵਾਲਾ 14 ਸਾਲਾ ਚੰਚਲ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚੇ ਵਿਭਾਗ ਵਿਚ ਜ਼ੇਰੇ ਇਲਾਜ ਹੈ। ਡਿਪਥੀਰੀਆ ਵਾਇਰਸ ਨੂੰ ਗਲਘੋਟੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਇਸ ਵਾਇਰਸ ਨਾਲ ਬੱਚਿਆਂ ਨੂੰ ਬਚਾਉਣ ਲਈ ਜਨਮ ਦੇ ਸਮੇਂ ਡੀ. ਪੀ. ਟੀ. ਦੇ ਇੰਜੈਕਸ਼ਨ ਲਾਏ ਜਾਂਦੇ ਹਨ। ਕਈ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਇੰਜੈਕਸ਼ਨ ਲੱਗਣ ਤੋਂ ਬਾਅਦ ਵੀ ਇਹ ਵਾਇਰਸ ਉਨ੍ਹਾਂ ਨੂੰ ਆਪਣੀ ਜਕਡ਼ ਵਿਚ ਲੈ ਲੈਂਦਾ ਹੈ। ਡੀ. ਪੀ. ਟੀ. ਉਹ ਇੰਜੈਕਸ਼ਨ ਹਨ ਜੋ ਬੱਚਿਆਂ ਨੂੰ ਗਲਘੋਟੂ, ਕਾਲੀ ਖੰਘ ਅਤੇ ਟੈਟਨੈੱਸ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਸਿਹਤ ਵਿਭਾਗ ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਨਹੀਂ ਕਰ ਰਿਹਾ। ਵਿਭਾਗ ਦੇ ਅਧਿਕਾਰੀ ਇਹ ਮੰਨਦੇ ਹਨ ਕਿ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ ਡਿਪਥੀਰੀਆ ਵਾਇਰਸ ਦੇ ਕਾਫ਼ੀ ਲੱਛਣ ਸਨ।

ਅੰਮ੍ਰਿਤਸਰ ਦੇ ਜ਼ਿਲੇ ਟੀਕਾਕਰਨ ਅਧਿਕਾਰੀ ਡਾ. ਰਮੇਸ਼ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਸਾਰੀ ਹਿਸਟਰੀ ਜਾਣੀ ਜਾ ਰਹੀ ਹੈ। ਜ਼ਿਲੇ ਵਿਚ ਏ. ਐੱਨ. ਐੱਮ. ਅਤੇ ਹੋਰ ਕਰਮਚਾਰੀਆਂ ਨੂੰ ਇਸ ਵਾਇਰਸ ’ਤੇ ਕਾਬੂ ਪਾਉਣ ਲਈ ਨਵਜਨਮੇ ਬੱਚਿਆਂ ਨੂੰ ਡੀ. ਪੀ. ਟੀ. ਦੇ ਇੰਜੈਕਸ਼ਨ ਲਾਉਣ ਦੀ ਹਦਾਇਤ ਕੀਤੀ ਗਈ ਹੈ। ਡਾ. ਰਮੇਸ਼ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਸਬੰਧੀ ਜ਼ਿਲਾ ਅਧਿਕਾਰੀਆਂ ਨਾਲ ਤਾਲ-ਮੇਲ ਬਣਾਏ ਹੋਏ ਹਨ। ਡਾ. ਰਮੇਸ਼ ਨੇ ਦੱਸਿਆ ਕਿ ਇਸ ਰੋਗ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।

ਇਹ ਹਨ ਲੱਛਣ 

  • ਗਲੇ ’ਚ ਚਿੱਟੀ ਝਿੱਲੀ ਬਣਨ ਕਾਰਨ ਸੋਜ਼ ਆਉਣਾ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣਾ।
  • ਝਿੱਲੀ ਕਾਰਨ ਪੇਟ ਅਤੇ ਹੋਰ ਅੰਤੜੀਆਂ ’ਚ ਇਨਫੈਕਸ਼ਨ ਹੋਣਾ।
  • ਬੁਖਾਰ, ਖੰਘ, ਗਲਾ ਖ਼ਰਾਬ, ਜ਼ਕਾਮ ਹੋਣਾ।

Arun chopra

Content Editor

Related News