ਮੀਂਹ ਪੈਣ ਨਾਲ ਰੁੜਿਆ ਰਾਵੀ ਦਰਿਆ ''ਤੇ ਬਣਿਆ ਅਸਥਾਈ ਪੁਲ, ਸੰਪਰਕ ਟੁੱਟਾ
Tuesday, Dec 17, 2019 - 04:05 PM (IST)
ਦੀਨਾਨਗਰ (ਦੀਪਕ ਕੁਮਾਰ) - ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ 'ਤੇ ਬਣਿਆ ਅਸਥਾਈ ਪੁਲ ਆਏ ਦਿਨ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਆਜ਼ਾਦੀ ਦੇ 71 ਸਾਲ ਬੀਤ ਜਾਣ ਮਗਰੋਂ ਅੱਜ ਵੀ ਪੁਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗ਼ੁਲਾਮ ਸਮਝਦੇ ਹਨ, ਕਿਉਂਕਿ ਜਦੋਂ ਇਹ ਅਸਥਾਈ ਪੁਲ ਟੁੱਟਦਾ ਹੈ ਤਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਅਜਿਹੀ ਹੀ ਪਰੇਸ਼ਾਨੀ ਪਿਛਲੇ 2 ਦਿਨਾਂ ਤੋਂ ਇਨ੍ਹਾਂ ਪਿੰਦਵਾਸੀਆਂ ਨੂੰ ਆ ਰਹੀ ਹੈ, ਕਿਉਂਕਿ 2 ਦਿਨਾਂ ਲਗਾਤਾਰ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪੁਲ ਇਕ ਵਾਰ ਫਿਰ ਟੁੱਟ ਗਿਆ ਹੈ। ਪੁਲ ਤੋਂ ਪਾਰ ਵਸਣ ਵਾਲੇ ਲੋਕਾਂ ਦੀ ਸਾਰ ਲੈਣ ਲਈ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਪੁੱਜਾ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ।
ਪੁਲ ਦੀ ਸਮੱਸਿਆ ਤੋਂ ਪਰੇਸ਼ਾਨ ਪਿੰਡਵਾਸੀ ਖੁਦ ਹੀ ਇਸ ਅਸਥਾਈ ਪੁਲ ਦਾ ਨਿਰਮਾਣ ਆਪਣੇ ਖ਼ਰਚ ’ਤੇ ਕਰਵਾ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੁਲ ਤੋਂ ਪਾਰ ਰਹਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪੈਂਟੂਨ ਪੁੱਲ ਤਾਂ ਬਣਾਇਆ ਗਿਆ ਹੈ ਪਰ ਉਹ ਪੂਰਾ ਮੁੱਕਮਲ ਨਹੀਂ। ਪਾਣੀ ਦਾ ਪੱਧਰ ਵਧਣ ਕਾਰਨ ਪੈਂਟੂਨ ਪੁੱਲ ਦਾ ਇੱਕ ਹਿੱਸਾ ਪਾਣੀ ’ਚ ਰੁੜ ਗਿਆ, ਜਿਸ ਕਾਰਨ ਪਾਰ ਵਸੇ 7 ਪਿੰਡ ਦੇ ਲੋਕਾਂ ਦਾ ਭਾਰਤ ਨਾਲੋਂ ਸੰਪਰਕ ਟੁੱਟ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪੁੱਲ ਰੁੜਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਰਵੀ ਦਰਿਆ 'ਤੇ ਪੱਕੇ ਪੁਲ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਲੱਗ ਸਕੇ ਕਿ ਉਹ ਵੀ ਭਾਰਤ ਦੇ ਨਾਗਰਿਕ ਹਨ।