ਕਿਸਾਨਾਂ ਦੇ ਹੱਕ ''ਚ ਮੁੜ ਡਟੇ ਦਿਲਜੀਤ ਦੋਸਾਂਝ, ਖੇਤੀ ਆਰਡੀਨੈਂਸਾ ਦਾ ਕੀਤਾ ਖੁੱਲ੍ਹ ਕੇ ਵਿਰੋਧ
Thursday, Sep 17, 2020 - 12:30 PM (IST)
ਜਲੰਧਰ (ਬਿਊਰੋ) : ਸਰਕਾਰ ਵੱਲੋਂ ਖੇਤੀ ਸੈਕਟਰ ਨਾਲ ਜੁੜੇ ਤਿੰਨ ਬਿੱਲ ਪੇਸ਼ ਕਰਨ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਵੱਡੇ ਐਕਸ਼ਨ ਕਰ ਰਹੀਆਂ ਹਨ। ਦਸ ਕਿਸਾਨ ਜਥੇਬੰਦੀਆਂ ਨੇ ਸੂਬੇ ਵਿਚ ਵੱਖ-ਵੱਖ ਥਾਂਵਾਂ ’ਤੇ ਸੜਕਾਂ ਜਾਮ ਕਰ ਦਿੱਤੀਆਂ। ਉਧਰ, ਕਿਸਾਨਾਂ ਅਤੇ ਮਜ਼ਦੂਰਾਂ ਦਾ ਜੇਲ੍ਹ ਭਰੋ ਅੰਦੋਲਨ ਹਾਲੇ ਵੀ ਜਾਰੀ ਹੈ ਪਰ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜੇਲ੍ਹ ਭਰੋ ਅੰਦੋਲਨ ਵਿਚ ਵੱਡੀ ਗਿਣਤੀ ਬੀਬੀਆਂ ਤੇ ਕਿਸਾਨ-ਮਜ਼ਦੂਰ ਪਹੁੰਚ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਨੇ ਵੀ ਆਪਣੇ-ਆਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਤਹਿਤ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ 'ਚ 'ਹਾਂ' ਦਾ ਨਾਅਰਾ ਦਿੱਤਾ। ਦਿਲਜੀਤ ਦੋਸਾਂਝ ਨੇ ਟਵੀਟ ਕਰਦਿਆਂ ਲਿਖਿਆ 'ਕਿਸਾਨ ਬਚਾਓ ਦੇਸ਼ ਬਚਾਓ। ਉਨ੍ਹਾਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ।' ਖੇਤੀ ਆਰਡੀਨੈਂਸਾ ਖ਼ਿਲਾਫ਼ ਪੰਜਾਬ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ।
ਕਿਸਾਨ ਬਚਾਓ ਦੇਸ਼ ਬਚਾਓ 🙏🏾
— DILJIT DOSANJH (@diljitdosanjh) September 17, 2020
Kisaan Virodhi Bill Da Asi Sarey Virod Karde Haan ✊🏽
ਹਾਏ ਨੀ! ਇਹ ਪੱਥਰ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ! ਨਿਰੀਆਂ ਸੂਲਾਂ ਗਿੱਟੇ ਗਿੱਟੇ। pic.twitter.com/gnIrXjM6RX
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ, 'ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ 'ਚੋ ਹੀ ਹਾਂ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤਾ ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ।'
ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸ ਖ਼ਿਲਾਫ਼ ਸੜਕਾਂ ‘ਤੇ ਡਟੇ ਹੋਏ ਹਨ। ਕਿਸਾਨ ਬਿੱਲ ਵਾਪਸ ਲਏ ਜਾਣੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ਵਿਚ ਕਈ ਕਲਾਕਾਰਾਂ ਸੋਸ਼ਲ ਮੀਡੀਆ ਦੇ ਜਰੀਏ ਆਵਾਜ਼ ਬੁਲੰਦ ਕੀਤੀ ਸੀ, ਜਿਹਨਾਂ ਵਿਚ ਬੱਬੂ ਮਾਨ, ਗੁਰਨਾਮ ਭੁੱਲਰ, ਐਮੀ ਵਿਰਕ ਤੇ ਮਨਮੋਹਨ ਵਾਰਿਸ ਵਰਗੇ ਕਲਾਕਾਰ ਸ਼ਾਮਲ ਹਨ।