ਦਿੱਲੀ ਪਹੁੰਚੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਦਿਖਾਇਆ ਸ਼ੀਸ਼ਾ, ਕਿਹਾ- ‘ਇਥੇ ਕੋਈ ਖ਼ੂਨ-ਖਰਾਬਾ ਨਹੀਂ ਹੋ ਰਿਹਾ’

Saturday, Dec 05, 2020 - 05:13 PM (IST)

ਜਲੰਧਰ (ਬਿਊਰੋ)– ਟਵਿਟਰ ’ਤੇ ਕੰਗਨਾ ਰਣੌਤ ਦੇ ਵਹਿਮ ਕੱਢਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਜ਼ਮੀਨੀ ਪੱਧਰ ’ਤੇ ਦਿੱਲੀ ’ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ’ਚ ਸ਼ਮੂਲੀਅਤ ਕੀਤੀ ਹੈ। ਦਿੱਲੀ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਜਿਥੇ ਸ਼ੀਸ਼ਾ ਦਿਖਾਇਆ, ਉਥੇ ਸਰਕਾਰ ਨੂੰ ਵੀ ਖਾਸ ਅਪੀਲ ਕੀਤੀ ਹੈ।

ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਇਥੇ ਬੋਲਣ ਨਹੀਂ ਸਗੋਂ ਸੁਣਨ ਆਏ ਸਨ। ਇਥੇ ਜਿੰਨੇ ਵੀ ਲੋਕ ਮੌਜੂਦ ਹਨ, ਉਨ੍ਹਾਂ ਸਾਰਿਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਅਸੀਂ ਅਕਸਰ ਛੋਟੇ ਹੁੰਦੇ ਜੋਸ਼ ਭਰ ਦੇਣ ਵਾਲੀਆਂ ਕਹਾਣੀਆਂ ਸੁਣਦੇ ਹੁੰਦੇ ਸੀ ਪਰ ਅੱਜ ਜੋ ਇਤਿਹਾਸ ਸਿਰਜਿਆ ਜਾ ਰਿਹਾ ਹੈ, ਉਹ ਆਉਣ ਵਾਲੇ ਅਨੇਕਾਂ ਵਰ੍ਹਿਆਂ ਤਕ ਯਾਦ ਰੱਖਿਆ ਜਾਵੇਗਾ। ਇਸ ਲੜਾਈ ’ਚ ਸਾਨੂੰ ਸਬਰ ਤੇ ਸੰਤੋਖ ਰੱਖਣ ਦੀ ਲੋੜ ਹੈ ਤੇ ਇਸੇ ਨਾਲ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ।

ਦਿਲਜੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਕਲਾਕਾਰਾਂ ਅੱਗੇ ਸਿਰ ਝੁਕਦਾ ਹੈ, ਜਿਹੜੇ ਪਹਿਲੇ ਦਿਨ ਤੋਂ ਇਸ ਸੰਘਰਸ਼ ਨਾਲ ਜੁੜੇ ਹੋਏ ਹਨ। ਨਾਲ ਹੀ ਹਰਿਆਣਾ ਦੇ ਕਿਸਾਨਾਂ ਦਾ ਸਾਥ ਦੇਣ ਲਈ ਦਿਲਜੀਤ ਦੋਸਾਂਝ ਨੇ ਧੰਨਵਾਦ ਕੀਤਾ ਹੈ।

ਸਰਕਾਰ ਨੂੰ ਅਪੀਲ ਕਰਦਿਆਂ ਦਿਲਜੀਤ ਨੇ ਕਿਹਾ ਕਿ ਇਥੇ ਕਿਸਾਨਾਂ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋ ਰਹੀ ਤੇ ਮੁੱਦਿਆਂ ਨੂੰ ਭਟਕਾਇਆ ਨਾ ਜਾਵੇ। ਕਿਸਾਨ ਜੋ ਵੀ ਚਾਹੁੰਦੇ ਹਨ, ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਸਾਰੇ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਹਨ, ਕੋਈ ਖ਼ੂਨ-ਖਰਾਬੇ ਵਾਲੀ ਗੱਲ ਨਹੀਂ ਹੋ ਰਹੀ। ਟਵਿਟਰ ’ਤੇ ਬਹੁਤ ਸਾਰੀਆਂ ਗੱਲਾਂ ਘੁਮਾ-ਫਿਰਾ ਕੇ ਕੀਤੀਆਂ ਜਾਂਦੀਆਂ ਹਨ ਪਰ ਅਸੀਂ ਹੱਥ ਜੋੜ ਕੇ ਨੈਸ਼ਨਲ ਮੀਡੀਆ ਤੋਂ ਮੰਗ ਕਰਦੇ ਹਾਂ ਕਿ ਇਹੀ ਸਭ ਦਿਖਾਇਆ ਜਾਵੇ। ਜੋ ਵੀ ਕਿਸਾਨ ਭਰਾ ਚਾਹੁੰਦੇ ਹਨ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।

ਦਿਲਜੀਤ ਦੋਸਾਂਝ ਨੇ ਇਸ ਦੌਰਾਨ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਹਾਲਾਂਕਿ ਇਹ ਚੈੱਕ ਕਿਸਾਨ ਜਥੇਬੰਦੀਆਂ ਵਲੋਂ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਸ਼ਹੀਦ ਹੋਏ ਕਿਸਾਨਾਂ ਦੇ ਘਰ ਜਾ ਕੇ ਇਹ ਮਦਦ ਕੀਤੀ ਜਾਵੇ।

ਨੋਟ– ਦਿਲਜੀਤ ਦੋਸਾਂਝ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ। ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News