ਦਿਲਜੀਤ ਦੋਸਾਂਝ ਦੇ ਪੱਖ ''ਚ ਆਏ ਮੀਕਾ ਸਿੰਘ, ਕੰਗਨਾ ਨੂੰ ਆਖ ਦਿੱਤੀ ਵੱਡੀ ਗੱਲ
Friday, Dec 04, 2020 - 10:11 AM (IST)
ਮੁੰਬਈ (ਬਿਊਰੋ) — ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਟਵਿੱਟਰ 'ਤੇ ਭਿੜ ਗਏ ਹਨ। ਦੋਵਾਂ 'ਤੇ ਕਾਫ਼ੀ ਮੀਮਸ ਬਣ ਰਹੇ ਹਨ। ਕੰਗਨਾ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਹੈ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲੜਾਈ ਹੋਈ। ਹੁਣ ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਮੀਕਾ ਸਿੰਘ ਨੇ ਕੰਗਨਾ ਨੂੰ ਆਖੀ ਇਹ ਗੱਲ
ਮੀਕਾ ਸਿੰਘ ਨੇ ਕੰਗਨਾ ਦੇ ਟਵੀਟ ਦੇ ਸਕ੍ਰੀਨਸ਼ਾਟ ਨਾਲ ਬਜ਼ਰੁਗ ਬੇਬੇ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, 'ਮੇਰੇ ਮਨ 'ਚ ਕੰਗਨਾ ਰਣੌਤ ਲਈ ਬਹੁਤ ਸਨਮਾਨ ਸੀ। ਉਨ੍ਹਾਂ ਦਾ ਦਫ਼ਤਰ ਤੋੜੇ ਜਾਣ 'ਤੇ ਮੈਂ ਉਸ ਦਾ ਸਮਰਥਨ ਕੀਤਾ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗਲ਼ਤ ਸੀ। ਕੰਗਨਾ ਇਕ ਮਹਿਲਾ ਹੋਣ ਦੇ ਨਾਅਤੇ ਤੁਹਾਨੂੰ ਬਜ਼ੁਰਗ ਬੇਬੇ ਨੂੰ ਕੁਝ ਸਨਮਾਨ ਦੇਣਾ ਚਾਹੀਦਾ। ਜੇਕਰ ਤੁਹਾਡੇ ਕੋਲ ਸੱਭਿਆਤਾ ਹੋਵੇ ਤਾਂ ਮੁਆਫ਼ੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'
ਕੰਗਨਾ ਦਾ ਦਾਅਵਾ
ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।
ਕੰਗਨਾ ਨੇ ਟਵਿੱਟਰ ਅਕਾਊਂਟ 'ਤੇ ਰੋਕ ਦੀ ਮੰਗ
ਦੂਜੇ ਪਾਸੇ ਹੁਣ ਕੰਗਨਾ ਨੂੰ ਲੈ ਕੇ ਬੰਬੇ ਹਾਈਕੋਰਟ 'ਚ ਇਕ ਪਟੀਸ਼ਨ ਲਾਈ ਗਈ ਹੈ, ਜਿਸ 'ਚ ਉਸ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੰਗਨਾ ਆਪਣੇ ਟਵਿੱਟਰ ਅਕਾਊਂਟ ਦੇ ਜਰੀਏ ਦੇਸ਼ 'ਚ ਲਗਾਤਾਰ ਨਫ਼ਰਤ ਤੇ ਦੇਸ਼ਦ੍ਰਹ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਟਵੀਟਸ ਦੇਸ਼ ਨੂੰ ਭੜਕਾਉਣ ਵਾਲੇ ਹਨ। ਇਸ ਲਈ ਉਸ ਦੇ ਟਵਿੱਟਰ ਅਕਾਊਂਟ ਨੂੰ ਰੱਦ ਕੀਤਾ ਜਾਵੇ।
ਪਟੀਸ਼ਨ 'ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ
ਇਸ ਪੂਰੇ ਮਾਮਲੇ 'ਤੇ ਕੰਗਨਾ ਰਣੌਤ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ 'ਹਾ ਹਾ ਹਾ ਮੈਂ ਲਗਾਤਾਰ ਅਖੰਡ ਭਾਰਤ ਲਈ ਖੜ੍ਹੀ ਰਹੀ ਹਾਂ, ਹਰ ਦਿਨ ਟੁਕੜੇ-ਟੁਕੜੇ ਗੈਂਗ ਨਾਲ ਲੜ ਰਹੀ ਹਾਂ ਅਤੇ ਮੇਰੇ 'ਤੇ ਹੀ ਦੇਸ਼ ਨੂੰ ਭੜਕਾਉਣ ਦਾ ਦੋਸ਼ ਲੱਗ ਰਿਹਾ ਹੈ। ਵਾਹ ਕੀ ਗੱਲ ਹੈ। ਉਂਝ ਵੀ ਟਵਿੱਟਰ ਮੇਰੇ ਲਈ ਇਕੱਲਾ ਪਲੇਟਫਾਰਮ ਨਹੀਂ ਹੈ, ਇਕ ਚੁਟਕੀ ਵਜਾਉਂਦੇ ਹੀ ਹਜ਼ਾਰਾਂ ਕੈਮਰੇ ਸਾਹਮਣੇ ਆ ਜਾਣਗੇ।'