ਕਾਂਗਰਸ ਨੇਤਾ ਦਿਗਵਿਜੇ ਦੀ ਸਿੱਖ ਸ਼ਰਧਾਲੂਆਂ ਖ਼ਿਲਾਫ ਟਿਪਣੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ

Monday, May 04, 2020 - 08:04 PM (IST)

ਕਾਂਗਰਸ ਨੇਤਾ ਦਿਗਵਿਜੇ ਦੀ ਸਿੱਖ ਸ਼ਰਧਾਲੂਆਂ ਖ਼ਿਲਾਫ ਟਿਪਣੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵੱਲੋਂ ਸਿੱਖ ਸ਼ਰਧਾਲੂਆਂ ਪ੍ਰਤੀ ਨਫ਼ਰਤ ਭਰੀ ਟਿੱਪਣੀ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਦਿਗਵਿਜੇ ਸਿੰਘ ਦਾ ਇਹ ਕਹਿਣਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਸ਼ਰਧਾਲੂਆਂ ਨਾਲ ਪੰਜਾਬ ਨੂੰ ਖਤਰਾ ਪੈਦਾ ਹੋ ਗਿਆ ਹੈ, ਇਕ ਗੈਰ ਜ਼ਿੰਮੇਵਾਰਾਨਾ ਟਿੱਪਣੀ ਹੈ। ਇਸ ਵਿਚੋਂ ਨਫ਼ਰਤ ਦੀ ਭਾਵਨਾ ਸਾਫ ਦਿੱਸਦੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਸਖ਼ਤ ਲਹਿਜ਼ੇ ਵਿਚ ਆਖਿਆ ਕਿ ਭਾਰਤ ਦਾ ਹਰ ਨਾਗਰਿਕ ਬਰਾਬਰ ਅਧਿਕਾਰ ਰੱਖਦਾ ਹੈ ਅਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾਣਾ ਬਰਦਾਸ਼ਤਯੋਗ ਨਹੀਂ। ਸਿੱਖਾਂ ਨੇ ਸਦਾ ਦੇਸ਼ ਦੀ ਇੱਜ਼ਤ ਬਚਾਉਣ ਲਈ ਹਿੱਕਾਂ ਡਾਹੀਆਂ, ਕਈ ਜ਼ੁਲਮ ਝੱਲੇ ਅਤੇ ਕੁਰਬਾਨੀਆਂ ਕੀਤੀਆਂ। ਸ਼ਾਇਦ ਇਸ ਇਤਿਹਾਸ ਨੂੰ ਦਿਗਵਿਜੇ ਵਰਗੇ ਆਗੂ ਭੁੱਲ ਗਏ ਹਨ ਜਾਂ ਚਤੁਰਾਈ ਨਾਲ ਅਣਭੋਲ ਬਣ ਗਏ ਹਨ।

ਇਹ ਵੀ ਪੜ੍ਹੋ : ਮੌਸਮ ਦਾ ਬਦਲਿਆ ਮਿਜਾਜ਼ ਪਰ ਪੁਲਸ ਦਾ ਨਹੀਂ, ਸੱਚਖੰਡ ਦਰਸ਼ਨਾਂ ਲਈ ਆਈ ਸੰਗਤ ਨਾਕੇ ਦੇਖ ਪਰਤੀਆਂ ਵਾਪਸ      

ਡਾ. ਰੂਪ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਸਿੱਖਾਂ ਵੱਲੋਂ ਲੰਗਰ ਆਦਿ ਰਾਹੀਂ ਨਿਭਾਈਆਂ ਸੇਵਾਵਾਂ ਦੀ ਦੁਨੀਆਂ ਅੰਦਰ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੌਰਾਨ ਘੱਟ ਗਿਣਤੀ ਸਿੱਖਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਕਾਂਗਰਸ ਦਾ ਇਹ ਵੱਡਾ ਲੀਡਰ ਸਿੱਖਾਂ ਨੂੰ ਨਫ਼ਰਤ ਭਰੀ ਭਾਵਨਾ ਨਾਲ ਦੇਖ ਰਿਹਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆਈ ਸੰਗਤ ਦੇ ਮਾਮਲੇ ਨੂੰ ਧਾਰਮਿਕ ਰੰਗਤ ਦੇਣੀ ਠੀਕ ਨਹੀਂ। ਇਹ ਬਦਨਸੀਬੀ ਹੈ ਕਿ ਪੂਰੀ ਦੁਨੀਆਂ ਵਿਚ ਕੇਵਲ ਭਾਰਤ ਅੰਦਰ ਹੀ ਅਜਿਹਾ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਉਂਝ ਦਿਗਵਿਜੇ ਵਰਗੇ ਆਗੂ ਭਾਰਤ ਮਹਾਨ ਬਾਰੇ ਇਹ ਕਹਿੰਦੇ ਨਹੀਂ ਥੱਕਦੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਹੈ ਅਤੇ ਜੇਕਰ ਸਿੱਖ ਸ਼ਰਧਾਲੂ ਮਹਾਰਾਸ਼ਟਰ ਰਾਜ ਦੇ ਨਾਂਦੇੜ ਸ਼ਹਿਰ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦੇ ਹੋਏ ਸੜਕੀ ਮਾਰਗ ਰਾਹੀਂ ਦੀ ਖੜਗ ਭੁਜਾ ਪੰਜਾਬ ਰਾਜ ਪਹੁੰਚੇ ਤਾਂ ਕੀ ਇਹ ਭਾਰਤ ਦੇ ਨਾਗਰਿਕ ਹੋਣ ਦਾ ਹੱਕ ਵੀ ਗਵਾ ਬੈਠੇ ਹਨ? ਕੀ ਇਨ੍ਹਾਂ ਦਾ ਗੁਨਾਹ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾ ਘੱਟ ਗਿਣਤੀਆਂ ਨਾਲ ਸਬੰਧ ਰੱਖਦੇ ਹਨ? ਉਨ੍ਹਾਂ ਕਿਹਾ ਕਿ ਇਸ ਸੰਕਟ ਸਮੇਂ ਰਾਜਨੀਤੀ ਨਾ ਕਰੋ, ਸਗੋਂ ਸਹਿਯੋਗੀ ਬਣੋ। ਇਸ ਸਮੇਂ ਬੇਵਸੀ ਦੀ ਹਾਲਤ ਵਿਚ ਜੀਅ ਰਹੀ ਮਨੁੱਖਤਾ ਨੂੰ ਮਾਨਸਿਕ ਤੌਰ 'ਤੇ ਹੋਰ ਪ੍ਰੇਸ਼ਾਨ ਕਰਨ ਦੀ ਥਾਂ ਇੱਕਜੁੱਟ ਹੋ ਕੇ ਕੰਮ ਕਰੋ, ਲੋਕ ਸਦੀਆਂ ਤੱਕ ਯਾਦ ਰੱਖਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ 'ਚੋਂ 7 ਪਾਜ਼ੇਟਿਵ ਨਵੇਂ ਮਾਮਲੇ ਆਏ ਸਾਹਮਣੇ      


author

Gurminder Singh

Content Editor

Related News