ਸਾਰੀਆਂ ਸਿਆਸੀ ਪਾਰਟੀਆਂ ਸਿੱਖ ਚਿਹਰਿਆਂ ਨੂੰ ਬਣਦੀ ਨੁਮਾਇੰਦਗੀ ਦੇਣ : ਸਿੱਖ ਤਾਲਮੇਲ ਕਮੇਟੀ
Friday, Oct 30, 2026 - 09:06 AM (IST)
ਜਲੰਧਰ : ਸਿੱਖ ਤਾਲਮੇਲ ਕਮੇਟੀ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਿੱਖ ਚਿਹਰਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਕਿਸੇ ਇੱਕ ਸਿਆਸੀ ਪਾਰਟੀ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਜਲੰਧਰ ਅਤੇ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਫ਼ੈਸਲਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਸਿੱਖ ਆਗੂਆਂ ਨੂੰ ਵੀ ਉਨ੍ਹਾਂ ਦੀ ਯੋਗਤਾ, ਲੋਕ ਸੇਵਾ ਅਤੇ ਸਿਆਸੀ ਯੋਗਦਾਨ ਦੇ ਆਧਾਰ ’ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਹਨ। ਕਮੇਟੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਸਿਰਫ਼ ਚੋਣਾਂ ਸਮੇਂ ਯਾਦ ਕਰਨ ਦੀ ਬਜਾਏ ਪਾਰਟੀਆਂ ਦੇ ਸੰਗਠਨਾਤਮਕ ਢਾਂਚੇ ਅਤੇ ਮਹੱਤਵਪੂਰਨ ਨਿਯੁਕਤੀਆਂ ਵਿੱਚ ਵੀ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਸਾਰੇ ਭਾਈਚਾਰਿਆਂ ਨੂੰ ਸਿਆਸੀ ਪ੍ਰਕਿਰਿਆ ਵਿੱਚ ਬਰਾਬਰ ਮੌਕੇ ਮਿਲਣੇ ਜ਼ਰੂਰੀ ਹਨ। ਕਮੇਟੀ ਨੇ ਸਪੱਸ਼ਟ ਕੀਤਾ ਕਿ ਇਹ ਮੰਗ ਕਿਸੇ ਧਰਮ ਜਾਂ ਜਾਤ ਦੇ ਵਿਰੁੱਧ ਨਹੀਂ ਹੈ। ਇਸ ਦਾ ਮਕਸਦ ਸਿੱਖ ਭਾਈਚਾਰੇ ਦੇ ਮਾਣ-ਸਤਿਕਾਰ, ਹੱਕਾਂ ਅਤੇ ਯੋਗ ਸਿਆਸੀ ਨੁਮਾਇੰਦਗੀ ਨੂੰ ਯਕੀਨੀ ਬਣਾਉਣਾ ਹੈ। ਕਿਸੇ ਵੀ ਪਾਰਟੀ ਵੱਲੋਂ ਸਿੱਖ ਆਗੂਆਂ ਨੂੰ ਲਗਾਤਾਰ ਅਣਗੌਲਿਆ ਕੀਤੇ ਜਾਣ ਦੀ ਧਾਰਨਾ ਪੈਦਾ ਹੋਣਾ ਸਮਾਜਿਕ ਅਤੇ ਸਿਆਸੀ ਪੱਖੋਂ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ, ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ
ਫ਼ੈਸਲੇ ’ਤੇ ਮੁੜ ਵਿਚਾਰ ਨਾ ਹੋਇਆ ਤਾਂ ਬਣਾਈ ਜਾਵੇਗੀ ਅਗਲੀ ਰਣਨੀਤੀ
ਇਸ ਮੌਕੇ ਹਰਪਾਲ ਚੱਢਾ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਜਲੰਧਰ ਦੇ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਦੀ ਸਮੀਖਿਆ ਕਰਕੇ ਯੋਗ ਸਿੱਖ ਆਗੂਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਦਾ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਦੇਣ ਸਬੰਧੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਵਿੱਚ ਸਬੰਧਤ ਸਿਆਸੀ ਪਾਰਟੀ ਦੇ ਬਾਈਕਾਟ ਵਰਗੇ ਸਖ਼ਤ ਕਦਮ ’ਤੇ ਵਿਚਾਰ ਕਰਨਾ ਵੀ ਸ਼ਾਮਲ ਹੋ ਸਕਦਾ ਹੈ। ਸਿੱਖ ਤਾਲਮੇਲ ਕਮੇਟੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਆਗੂਆਂ ਦੀ ਯੋਗਤਾ ਅਤੇ ਯੋਗਦਾਨ ਨੂੰ ਬਣਦਾ ਸਨਮਾਨ ਦੇਣ ਅਤੇ ਜਲੰਧਰ ਸਮੇਤ ਪੂਰੇ ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਸਿਆਸੀ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ।
ਇਹ ਵੀ ਪੜ੍ਹੋ : ਚੱਕਰਵਾਤ 'ਅਰਨਬ' ਨੇ ਮਚਾਈ ਭਾਰੀ ਤਬਾਹੀ, 5 ਲੋਕਾਂ ਦੀ ਮੌਤ; 13 ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿੱਖ ਤਾਲਮੇਲ ਕਮੇਟੀ ਦੁਆਰਾ ਸ਼ੁਰੂ ਕੀਤੀ ਮੁਹਿੰਮ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿਚ ਆਗਾਜ਼ ਦੇ ਪਰਮਪ੍ਰੀਤ ਸਿੰਘ ਵਿੱਟੀ, ਗੁਰੂ ਘਰ ਦੇ ਨੁਮਾਇੰਦਿਆਂ ਵਿੱਚ ਜਗਮੋਹਨ ਸਿੰਘ ਪੱਕਾ ਬਾਗ਼, ਚਰਨਜੀਤ ਸਿੰਘ ਚੱਢਾ, ਕਮਲਜੀਤ ਸਿੰਘ ਗੁਰੂ ਤੇਗ ਬਹਾਦਰ ਨਗਰ, ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਪੋਪਲੀ, ਹਰਪ੍ਰੀਤ ਸਿੰਘ ਨੀਟੂ, ਭੁਪਿੰਦਰ ਪਾਲ ਸਿੰਘ ਗੜ੍ਹਾ, ਗੁਰਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਬਾਬਾ, ਗੁਰਵਿੰਦਰ ਸਿੰਘ ਨਾਗੀ, ਅਮਨਦੀਪ ਸਿੰਘ ਬੱਗਾ, ਅਰਵਿੰਦਰ ਪਾਲ ਸਿੰਘ ਬਬਲੂ, ਤਜਿੰਦਰ ਸਿੰਘ ਸੰਤ ਨਗਰ, ਜਸਪ੍ਰੀਤ ਸਿੰਘ ਜੱਸੀ, ਰਣਜੀਤ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
