ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜੀਟਲ ਦਾਨ ਕੇਂਦਰ ਦੀ ਹੋਈ ਸਥਾਪਨਾ
Saturday, Jun 16, 2018 - 06:13 AM (IST)

ਜਲੰਧਰ (ਚਾਵਲਾ) - ਨਗਦੀ ਦੀ ਥਾਂ ਡਿਜੀਟਲ ਲੈਣ-ਦੇਣ ਨੂੰ ਹੱਲਾਸ਼ੇਰੀ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜੀਟਲ ਦਾਨ ਕੇਂਦਰ ਦੀ ਸ਼ੁਰੂਆਤ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਇਸ ਸੇਵਾ ਨੂੰ ਕਮੇਟੀ ਨੇ ਡਿਜੀਟਲ ਗੋਲਕ ਦਾ ਨਾਂ ਦਿੱਤਾ ਹੈ। ਏ. ਟੀ. ਐੱਮ. ਨੁਮਾ ਬਣੇ ਇਸ ਕੇਂਦਰ 'ਚ ਕੋਈ ਵੀ ਬੰਦਾ ਘੱਟੋ-ਘੱਟ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਆਪਣੀ ਸ਼ਰਧਾ ਅਨੁਸਾਰ ਰਕਮ ਦਾ ਭੁਗਤਾਨ ਕਮੇਟੀ ਦੇ ਖਾਤੇ 'ਚ ਡਿਜੀਟਲ ਤਰੀਕੇ ਨਾਲ ਕਰ ਸਕੇਗਾ।ਦਾਨ ਦੇਣ ਵਾਲੇ ਨੂੰ ਆਪਣੀ ਮਰਜ਼ੀ ਮੁਤਾਬਕ ਦਾਨ ਦੇਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਜੇਕਰ ਦਾਨੀ ਡਿਜੀਟਲ ਗੋਲਕ ਤਕਨੀਕ ਦੇ ਨਾਲ ਆਪਣੇ ਬੈਂਕ ਖਾਤੇ ਨੂੰ ਜੋੜਨ 'ਚ ਹਿੱਚਕ ਮਹਿਸੂਸ ਕਰਦਾ ਹੈ ਤਾਂ ਉਸ ਦੀ ਤੋੜ ਵੀ ਡਿਜੀਟਲ ਗੋਲਕ ਉਪਲਬਧ ਕਰਵਾ ਰਹੀ ਹੈ । ਦਾਨੀ ਨੂੰ ਸਿਰਫ਼ ਡਿਜੀਟਲ ਗੋਲਕ ਮਸ਼ੀਨ ਰਾਹੀਂ ਆਪਣਾ ਮੋਬਾਇਲ ਨੰਬਰ ਪਾਉਣ 'ਤੇ ਆਪਣੇ ਮੋਬਾਇਲ 'ਤੇ ਡਿਜੀਟਲ ਗੋਲਕ ਦਾ ਲਿੰਕ ਐੱਸ. ਐੱਮ. ਐੱਸ. ਰਾਹੀਂ ਆ ਜਾਵੇਗਾ। ਇਸ ਲਿੰਕ ਦਾ ਇਸਤੇਮਾਲ ਕਰਕੇ ਦਾਨੀ ਆਪਣੀ ਸਹੂਲਤ ਅਨੁਸਾਰ ਆਪਣੇ ਸੁਰੱਖਿਅਤ ਸਿਸਟਮ ਤੋਂ 4 ਘੰਟੇ ਦੇ ਅੰਦਰ ਭੁਗਤਾਨ ਕਰ ਸਕਦਾ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਡਿਜੀਟਲ ਤਰੀਕੇ ਨਾਲ ਦਾਨੀ ਨੂੰ ਜਿਥੇ ਪਾਰਦਰਸ਼ੀ ਤਰੀਕੇ ਨਾਲ ਕਮੇਟੀ ਕੋਲ ਮਾਇਆ ਪੁੱਜਣ ਦਾ ਭਰੋਸਾ ਮਿਲੇਗਾ, ਉਥੇ ਹੀ ਆਪਣੀ ਮਰਜ਼ੀ ਮੁਤਾਬਕ ਭੁਗਤਾਨ ਕਰਨ ਦੀ ਸੁਵਿਧਾ ਮਿਲੇਗੀ। ਜੀ. ਕੇ. ਨੇ ਅਜਿਹੇ ਕੇਂਦਰ ਹੋਰ ਇਤਿਹਾਸਿਕ ਗੁਰਦੁਆਰਿਆਂ 'ਚ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਬੈਂਕ ਦੇ ਚੇਅਰਮੈਨ ਬੀ. ਕੇ. ਮੰਜੂਨਾਥ, ਪ੍ਰਧਾਨ ਪਿਊਸ਼ ਜੈਨ ਅਤੇ ਮੈਨੇਜਰ ਰੁਚੀ ਮਹਿਰੋਤਰਾ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਆਈ. ਟੀ. ਸੈੱਲ ਚੇਅਰਮੈਨ ਵਿਕਰਮ ਸਿੰਘ ਰੋਹਿਣੀ ਸਣੇ ਸਮੂਹ ਕਮੇਟੀ ਮੈਂਬਰਾਂ ਨੂੰ ਬੈਂਕ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਨਿਵਾਜਿਆ ਗਿਆ।