ਢਾਬੇ ’ਤੇ ਤੋਂ ਹਜ਼ਾਰਾਂ ਦਾ ਡੀਜ਼ਲ ਬਰਾਮਦ, ਦੋਸ਼ੀ ਪੁਲਸ ਨਾਲ ਹੱਥੋ-ਪਾਈ ਕਰਕੇ ਹੋਇਆ ਫਰਾਰ
Saturday, Feb 25, 2023 - 11:57 AM (IST)
ਮੋਗਾ (ਆਜ਼ਾਦ) : ਧਰਮਕੋਟ ਪੁਲਸ ਨੇ ਜਲੰਧਰ ਰੋਡ ’ਤੇ ਸਥਿਤ ਇਕ ਢਾਬੇ ’ਤੇ ਛਾਪੇਮਾਰੀ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਜਮ੍ਹਾ ਕਰਕੇ ਰੱਖਿਆ ਹਜ਼ਾਰਾਂ ਰੁਪਏ ਮੁੱਲ ਦਾ 800 ਲਿਟਰ ਡੀਜ਼ਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਪੁਲਸ ਪਾਰਟੀ ਨਾਲ ਹੱਥੋਪਾਈ ਕਰ ਕੇ ਭੱਜਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਲੰਧਰ ਰੋਡ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਜਲੰਧਰ ਰੋਡ ’ਤੇ ਸਥਿਤ ਬਿੱਲੇ ਦਾ ਢਾਬਾ ਦੇ ਸੰਚਾਲਕ ਗੈਰ ਕਾਨੂੰਨੀ ਢੰਗ ਨਾਲ ਸਸਤੇ ਮੁੱਲ ’ਤੇ ਡੀਜ਼ਲ ਦੀ ਖਰੀਦ ਕਰ ਕੇ ਉਸ ਨੂੰ ਅੱਗੇ ਵਿੱਕਰੀ ਕਰਨ ਦਾ ਧੰਦਾ ਕਰਦੇ ਹਨ।
ਅੱਜ ਵੀ ਉਨ੍ਹਾਂ ਦੇ ਢਾਬੇ ’ਤੇ ਕੋਈ ਅਣਪਛਾਤੀ ਗੱਡੀ ਚਾਲਕ ਡੀਜ਼ਲ ਨਾਲ ਭਰੇ ਡਰੰਮ ਦੇ ਕੇ ਗਿਆ ਹੈ, ਜਿਸ ’ਤੇ ਪੁਲਸ ਪਾਰਟੀ ਨੇ ਮਾਮਲਾ ਦਰਜ ਕਰ ਕੇ ਜਦ ਢਾਬੇ ’ਤੇ ਛਾਪੇਮਾਰੀ ਕੀਤੀ ਤਾਂ ਢਾਬਾ ਸੰਚਾਲਕ ਗੁਰਭਗਤ ਸਿੰਘ ਨੇ ਕੁਝ ਹੋਰਾਂ ਦੇ ਨਾਲ ਮਿਲ ਕੇ ਪੁਲਸ ਪਾਰਟੀ ਦੇ ਨਾਲ ਹੱਥੋਪਾਈ ਕੀਤੀ ਅਤੇ ਉਥੋਂ ਭੱਜ ਨਿਕਲਿਆ। ਪੁਲਸ ਪਾਰਟੀ ਨੇ ਜਦ ਚੈਕਿੰਗ ਕੀਤੀ ਤਾਂ ਉਥੋਂ 800 ਲਿਟਰ ਡੀਜ਼ਲ ਜੋ ਚਾਰ ਡਰੰਮਾਂ ਵਿਚ ਭਰਿਆ ਹੋਇਆ ਸੀ, ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 69 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਧਰਮਕੋਟ ਪੁਲਸ ਨੇ ਕਥਿਤ ਦੋਸ਼ੀਆਂ ਗੁਰਭਗਤ ਸਿੰਘ, ਉਸਦੀ ਭੈਣ ਰਜਨੀ ਨਿਵਾਸੀ ਬਿੱਲੇ ਦਾ ਢਾਬਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।