ਹੈਰਾਨੀਜਨਕ :108 ਘੰਟਿਆਂ ਬਾਅਦ ਵੀ ਨਹੀਂ ਮਿਲੀ ਕੋਰੋਨਾ ਰਿਪੋਰਟ

04/12/2021 12:52:38 AM

ਜਲੰਧਰ (ਖੁਰਾਣਾ)-ਕੋਰੋਨਾ ਦੀ ਦੂਜੀ ਲਹਿਰ ਕਾਰਨ ਜਲੰਧਰ ਵਿਚ ਰੋਜ਼ਾਨਾ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਸ ਵਧ ਰਹੀ ਗਿਣਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲੇ ਦਾ ਸਿਹਤ ਵਿਭਾਗ ਕੋਰੋਨਾ ਵਾਇਰਸ ਨੂੰ ਲੈ ਕੇ ਕਿੰਨਾ ਗੰਭੀਰ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੌਂਸਲਰ ਪਵਨ ਕੁਮਾਰ ਨੂੰ ਆਪਣੇ ਕੋਰੋਨਾ ਟੈਸਟ ਸਬੰਧੀ ਲਏ ਸੈਂਪਲ ਦੀ ਰਿਪੋਰਟ 108 ਘੰਟਿਆਂ ਬਾਅਦ ਵੀ ਪ੍ਰਾਪਤ ਨਹੀਂ ਹੋਈ ਹੈl

PunjabKesari

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਜਾਣਕਾਰੀ ਅਨੁਸਾਰ ਕੌਂਸਲਰ ਪਵਨ ਦੇ ਪੁੱਤਰ ਦੀਪਾਂਸ਼ੂ ਵਿਚ ਪਿਛਲੇ ਹਫਤੇ 6 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਉਸ ਦਾ ਤੁਰੰਤ ਰੈਪਿਡ ਟੈਸਟ ਕਰਵਾਇਆ, ਜੋ ਪਾਜ਼ੇਟਿਵ ਨਿਕਲਿਆ। ਅਹਿਤਿਆਤ ਵਰਤਦਿਆਂ ਕੌਂਸਲਰ ਪਵਨ ਨੇ ਅਗਲੇ ਹੀ ਦਿਨ 7 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਆਪਣੇ ਅਤੇ ਛੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਲਈ ਸੈਂਪਲ ਦਿੱਤੇ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਦੁਪਹਿਰ ਨੂੰ ਮੈਸੇਜ ਵੀ ਪ੍ਰਾਪਤ ਹੋ ਗਿਆ ਕਿ ਉਨ੍ਹਾਂ ਦੇ ਕੋਵਿਡ-19 ਟੈਸਟ ਸਬੰਧੀ ਸੈਂਪਲ ਐੱਨ. ਆਰ. ਡੀ. ਡੀ. ਐੱਲ. ਲੈਬ ਵਿਚ ਭੇਜ ਦਿੱਤੇ ਗਏ ਹਨ। ਇਨ੍ਹਾਂ ਸੈਂਪਲਾਂ ਵਿਚ ਕੌਂਸਲਰ ਪਵਨ ਤੋਂ ਇਲਾਵਾ ਉਨ੍ਹਾਂ ਦੇ ਬਜ਼ੁਰਗ ਪਿਤਾ, ਮਾਤਾ, ਉਨ੍ਹਾਂ ਦੀ ਧਰਮਪਤਨੀ, ਬੇਟੀ ਐਡਵੋਕੇਟ ਸੋਫੀਆ, ਬੇਟੀ ਡਾ. ਨੂਬੀਆ ਅਤੇ ਪੁੱਤਰ ਦੇ ਸੈਂਪਲ ਵੀ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਖਾਤੇ ’ਚ ਫਸਲ ਦੀ ਸਿੱਧੀ ਅਦਾਇਗੀ ’ਤੇ ਭੜਕੇ ਨਵਜੋਤ ਸਿੱਧੂ ਨੇ ਆਖ ਦਿੱਤੀ ਵੱਡੀ ਗੱਲ

ਕੌਂਸਲਰ ਪਵਨ ਦਾ ਕਹਿਣਾ ਹੈ ਕਿ ਉਹ 8 ਅਪ੍ਰੈਲ ਨੂੰ ਆਪਣੇ ਕੋਵਿਡ-19 ਟੈਸਟ ਦੀ ਰਿਪੋਰਟ ਦੀ ਉਡੀਕ ਕਰਦੇ ਰਹੇ ਪਰ ਉਨ੍ਹਾਂ ਨੂੰ ਕੋਈ ਮੈਸੇਜ ਨਹੀਂ ਆਇਆ। 9 ਅਪ੍ਰੈਲ ਨੂੰ ਵੀ ਉਹ ਵਾਰ-ਵਾਰ ਮੋਬਾਇਲ ਫੋਨ ਦੇਖਦੇ ਰਹੇ ਪਰ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਈ ਮੈਸੇਜ ਪ੍ਰਾਪਤ ਨਹੀਂ ਹੋਇਆ। 10 ਅਪ੍ਰੈਲ ਨੂੰ ਵੀ ਅਜਿਹਾ ਹੀ ਹੋਇਆ ਅਤੇ ਪੂਰਾ ਦਿਨ ਇੰਤਜ਼ਾਰ ਵਿਚ ਹੀ ਲੰਘਿਆ। 11 ਅਪ੍ਰੈਲ ਨੂੰ ਵੀ ਰਾਤ 10 ਵਜੇ ਤਕ 108 ਘੰਟਿਆਂ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਸਿਹਤ ਵਿਭਾਗ ਜਾਂ ਸਰਕਾਰ ਵੱਲੋਂ ਕੋਈ ਮੈਸੇਜ ਨਹੀਂ ਪ੍ਰਾਪਤ ਹੋਇਆ ਸੀ। ਕੌਂਸਲਰ ਪਵਨ ਨੇ ਕਿਹਾ ਕਿ ਇਸ ਘਟਨਾ ਤੋਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਧਦੀ ਮਹਾਮਾਰੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਕਿੰਨਾ ਗੰਭੀਰ ਹਨ। ਜੇਕਰ ਇਕ ਜਨ-ਪ੍ਰਤੀਨਿਧੀ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਲੋਕਾਂ ਨਾਲ ਕੀ ਹੁੰਦਾ ਹੋਵੇਗਾ। ਕੌਂਸਲਰ ਪਵਨ ਦੇ ਫੋਨ ’ਤੇ ਸੱਤ ਅਪ੍ਰੈਲ ਨੂੰ ਆਇਆ ਮੈਸੇਜ, ਜਿਸ ਵਿਚ ਉਨ੍ਹਾਂ ਦੇ ਕੋਵਿਡ-19 ਟੈਸਟ ਲਈ ਸੈਂਪਲ ਲੈਣ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ।

ਡੀ. ਸੀ. ਨੇ ਵੀ ਨਹੀਂ ਚੁੱਕਿਆ ਫੋਨ
ਕੌਂਸਲਰ ਪਵਨ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਨਾਲਾਇਕੀ ਬਾਰੇ ਜਦੋਂ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਦੇ ਮੁਖੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਜਾਣਕਾਰੀ ਦੇਣੀ ਚਾਹੀ ਤਾਂ 11 ਅਪ੍ਰੈਲ ਨੂੰ ਡੀ. ਸੀ. ਨੂੰ ਕਈ ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਕੋਰੋਨਾ ਦੇ ਮਾਮਲਿਆਂ ਸਬੰਧੀ ਗੰਭੀਰ ਹੋਵੇ।
ਕੌਂਸਲਰ ਨੇ ਦੱਸਿਆ ਕਿ ਸੈਂਪਲ ਲੈਣ ਦੇ ਲਗਭਗ ਸੌ ਘੰਟਿਆਂ ਬਾਅਦ ਉਨ੍ਹਾਂ ਨੂੰ ਖੁਰਲਾ ਕਿੰਗਰਾ ਸਥਿਤ ਸਿਹਤ ਕੇਂਦਰ ਦੇ ਡਾ. ਰਾਜਿੰਦਰ ਦਾ ਇਕ ਫੋਨ ਜ਼ਰੂਰ ਆਇਆ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ 7 ਸੈਂਪਲ ਲਏ ਗਏ ਹਨ। ਜਦੋਂ ਉਨ੍ਹਾਂ ਸੈਂਪਲਾਂ ਦੀ ਰਿਪੋਰਟ ਸਬੰਧੀ ਪੁੱਛਿਆ ਤਾਂ ਡਾ. ਰਜਿੰਦਰ ਨੇ ਕਿਹਾ ਕਿ ਜਲਦ ਇਸ ਸਬੰਧੀ ਮੈਸੇਜ ਭੇਜ ਦਿੱਤਾ ਜਾਵੇਗਾ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News