ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਲਾਏ ਧਰਨੇ ਦੇ ਹੱਕ ''ਚ ਆਏ ਭਗਵੰਤ ਮਾਨ
Friday, Feb 22, 2019 - 05:25 PM (IST)
ਧੂਰੀ (ਰਾਜੇਸ਼)— ਖੰਡ ਮਿੱਲ ਧੂਰੀ ਵੱਲ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਹਿੰਦੀ ਲੱਗਭਗ 60 ਕਰੋੜ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵੱਜੋਂ ਗੰਨਾ ਕਿਸਾਨਾਂ ਨੇ ਪਿਛਲੇ 4 ਦਿਨਾਂ ਤੋਂ ਸੰਗਰੂਰ ਦੇ ਧੂਰੀ ਵਿਚ ਲੁਧਿਆਣਾ-ਹਿਸਾਰ ਸੜਕ ਨੂੰ ਜਾਮ ਕੀਤਾ ਹੋਇਆ ਹੈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦਾ 60 ਕਰੋੜ ਜੋ ਕਿ ਧੂਰੀ ਦੀ ਖੰਡ ਮਿੱਲ ਕੋਲ ਪਿਆ ਹੈ ਉਸ ਨੂੰ ਜਲਦੀ ਜਾਰੀ ਕੀਤਾ ਜਾਏ। ਦੱਸ ਦੇਈਏ ਕਿ ਇਨ੍ਹਾਂ ਕਿਸਾਨਾਂ ਦੇ ਸਮਰਥਨ ਵਿਚ ਭਗਵੰਤ ਮਾਨ ਵੀ ਉਤਰ ਆਏ ਹਨ ਅਤੇ ਮਾਨ ਨੇ ਇਨ੍ਹਾਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਜਲਦੀ ਹੀ ਪੰਜਾਬ ਵਿਧਾਨ ਸਭਾ ਵਿਚ ਇਸ ਮੰਗ ਨੂੰ ਚੁੱਕਣ ਦੀ ਗੱਲ ਕਹੀ ਹੈ। ਉਥੇ ਹੀ ਮੌਕੇ 'ਤੇ ਉਨ੍ਹਾਂ ਨੇ ਡੀ.ਸੀ. ਨੂੰ ਫੋਨ ਕਰਕੇ ਗੱਲਬਾਤ ਕੀਤੀ ਅਤੇ ਡੀ.ਸੀ. ਨੂੰ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਕਿਹਾ।
ਇਸ ਮੌਕੇ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਸਰਕਾਰ ਕੋਲ ਉਨ੍ਹਾਂ ਦਾ 10 ਕਰੋੜ ਬਕਾਇਆ ਪਿਛਲੇ ਸਾਲ ਦਾ ਪਿਆ ਹੈ ਜੋ ਕਿ ਸਰਕਾਰ ਨੇ ਉਨ੍ਹਾਂ ਦੇ ਖਾਤਿਆਂ ਵਿਚ ਪਾਉਣ ਦੀ ਗੱਲ ਕਹੀ ਸੀ ਪਰ ਉਹ ਅਜੇ ਤੱਕ ਨਹੀਂ ਮਿਲਿਆ। ਉਥੇ ਇਸ ਸਾਲ ਦਾ ਖੰਡ ਮਿੱਲ ਧੂਰੀ ਵੱਲ 50 ਕਰੋੜ ਦਾ ਬਕਾਇਆ ਹੈ, ਜਿਸ ਨੂੰ ਜਾਰੀ ਕਰਵਾਉਣ ਲਈ ਉਹ ਧਰਨੇ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜ਼ਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਇਹ ਪੈਸੇ ਵਾਪਸ ਨਹੀਂ ਮਿਲਦੇ।