ਧੂਰੀ ਸ਼ੂਗਰ ਮਿੱਲ ਦੇ ਬਾਹਰ ਹੰਗਾਮਾ, ਕਿਸਾਨਾਂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ (ਵੀਡੀਓ)

03/21/2019 1:46:56 PM

ਸੰਗਰੂਰ(ਰਾਜੇਸ਼) : ਸੰਗਰੂਰ ਦੀ ਧੂਰੀ ਸ਼ੂਗਰ ਮਿਲ ਦੇ ਬਾਹਰ ਆਪਣਾ ਬਕਾਇਆ ਨਾ ਮਿਲਣ ਕਾਰਨ ਪਿੱਛਲੇ ਤਿੰਨ ਦਿਨ ਤੋਂ ਮਰਨ ਵਰਤ 'ਤੇ ਬੈਠੇ ਬਿਰਧ ਕਿਸਾਨ ਮਹਿੰਦਰ ਸਿੰਘ ਵੜੈਚ ਨੂੰ ਪੁਲਸ ਨੇ ਜ਼ਬਰੀ ਉਠਾ ਦਿੱਤਾ। ਇਸ ਦੌਰਾਨ ਕਿਸਾਨਾਂ ਤੇ ਪੁਲਸ ਵਿਚਾਲੇ ਜੰਮ ਕੇ ਧੱਕਾ-ਮੁੱਕੀ ਵੀ ਹੋਈ ਪਰ ਪੁਲਸ ਪ੍ਰਦਰਸ਼ਨਕਾਰੀ ਕਿਸਾਨ ਨੂੰ ਆਪਣੇ ਨਾਲ ਲੈ ਗਈ। ਦੱਸ ਦੇਈਏ ਕਿ ਕਿਸਾਨ ਮਹਿੰਦਰ ਸਿੰਘ ਦਾ ਸ਼ੂਗਰ ਮਿਲ ਵੱਲ ਤਕਰੀਬਨ ਸੱਤ ਲੱਖ ਦਾ ਬਕਾਇਆ ਬਾਕੀ ਹੈ। ਕਿਸਾਨ ਨੇ ਆਪਣੇ ਪੁੱਤਰ ਦੇ ਵਿਆਹ ਲਈ ਮਿੱਲ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਪਹਿਲਾਂ ਪੈਸੇ ਦੇਣ ਦਾ ਭਰੋਸਾ ਦਿੱਤਾ ਪਰ ਅਦਾਇਗੀ ਨਹੀਂ ਕੀਤੀ। ਇਸ 'ਤੇ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਥਾਂ ਸੰਘਰਸ਼ ਕਰਨ ਦਾ ਫੈਸਲਾ ਕੀਤਾ।

PunjabKesari

ਬੇਸ਼ੱਕ ਪੁਲਸ ਮਹਿੰਦਰ ਸਿੰਘ ਨੂੰ ਜ਼ਬਰੀ ਆਪਣੇ ਨਾਲ ਲੈ ਗਈ ਹੈ ਪਰ ਕਿਸਾਨਾਂ ਵਲੋਂ ਮਹਿੰਦਰ ਸਿੰਘ ਦੇ ਜਾਣ ਤੋਂ ਬਾਅਦ ਆਪਣੇ ਦੂਜੇ ਸਾਥੀ ਨੂੰ ਮਰਨ ਵਰਤ 'ਤੇ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੁਲਸ ਪ੍ਰਸ਼ਾਸਨ ਤੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਉਦੋਂ ਤੱਕ ਜੰਗ ਜਾਰੀ ਰੱਖਣਗੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਜ਼ਿਕਰਯੋਗ ਹੈ ਕਿ ਸੰਗਰੂਰ 'ਚ ਦੋ ਥਾਵਾਂ 'ਤੇ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਸ਼ੂਗਰ ਮਿੱਲ ਤੋਂ ਇਲਾਵਾ ਕਿਸਾਨਾਂ ਵਲੋਂ ਧੂਰੀ ਐੱਸ.ਡੀ.ਐੱਮ ਦਫਤਰ ਕੋਲ ਲੁਧਿਆਣਾ-ਹਿਸਾਰ-ਦਿੱਲੀ ਕੌਮੀ ਮਾਰਗ ਬੀਤੇ 14 ਦਿਨ ਤੋਂ ਜਾਮ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪੂਰੇ ਸੂਬੇ 'ਚ ਕਿਸਾਨਾਂ ਦਾ ਸ਼ੂਰਗ ਮਿੱਲਾਂ ਵੱਲ 100 ਕਰੋੜ ਰੁਪਇਆ ਬਕਾਇਆ ਹੈ, ਜਿਸ ਦੀ ਅਦਾਇਗੀ ਲਈ ਕਿਸਾਨ ਸੰਘਰਸ਼ ਦੀ ਰਾਹ 'ਤੇ ਹੈ।


cherry

Content Editor

Related News