ਪੇਧਨੀ ਕਲਾਂ ''ਚ ਕਿਸਾਨਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ

Friday, Aug 09, 2019 - 11:51 AM (IST)

ਪੇਧਨੀ ਕਲਾਂ ''ਚ ਕਿਸਾਨਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ

ਧੂਰੀ (ਸ਼ਰਮਾ, ਪ੍ਰਿੰਸ ਪਰੋਚਾ) : ਪਿੰਡ ਪੇਧਨੀ 'ਚ ਕਿਸਾਨਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਘਿਰਾਓ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਬੰਸ ਸਿੰਘ ਲੱਡਾ, ਮਨਜੀਤ ਸਿੰਘ ਪ੍ਰੈੱਸ ਸਕੱਤਰ, ਰਾਮ ਸਿੰਘ ਕੱਕੜਵਾਲ ਦਰਸ਼ਨ ਸਿੰਘ ਕਿਲਾਂ ਹਕੀਮਾਂ ਨੇ ਬਿਜਲੀ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਿੰਡ 'ਚ ਬਿਨਾਂ ਪੰਚ ਜਾਂ ਸਰਪੰਚ ਨੂੰ ਸੂਚਨਾ ਦਿੱਤਿਆਂ ਘਰਾਂ 'ਚ ਦਾਖਲ ਹੋਏ ਅਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਣ ਰੋਹ 'ਚ ਆਏ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ।

ਇਸ ਸਬੰਧੀ ਪਾਵਰਕਾਮ ਧੂਰੀ ਦੇ ਦਿਹਾਤੀ ਐੱਸ. ਡੀ. ਓ. ਅਬਦੁਲ ਸੱਤਾਰ ਨੇ ਦੱਸਿਆ ਕਿ ਵੱਖ-ਵੱਖ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ 5 ਵਜੇ ਨਿਗਰਾਨ ਇੰਜੀਨੀਅਰ ਬਰਨਾਲਾ ਗ਼ਫ਼ੂਰ ਮੁਹੰਮਦ ਅਤੇ ਐਕਸੀਅਨ ਤਰਸੇਮ ਚੰਦ ਜਿੰਦਲ ਧੂਰੀ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਪਿੰਡਾਂ ਮਾਨਵਾਲਾ, ਪੇਧਨੀ, ਰਾਜੋਮਾਜਰਾ ਅਤੇ ਲੱਡਾ ਹੋਰ ਕਈ ਪਿੰਡਾਂ 'ਚ ਬਿਜਲੀ ਚੋਰੀ ਰੋਕਣ ਲਈ ਗਈ ਸੀ ਜਦੋਂ ਅਸੀਂ ਪਾਵਰਕਾਮ ਉਪਮੰਡਲ ਰੰਗੀਆਂ ਦੇ ਐੱਸ. ਡੀ. ਓ. ਨਰਦੇਵ ਸਿੰਘ, ਵਿਜੇ ਕੁਮਾਰ ਐੱਸ. ਡੀ. ਓ. ਸ਼ਹਿਰੀ ਧੂਰੀ, ਪੁਸ਼ਵਿੰਦਰ ਸਿੰਘ ਐੱਸ. ਡੀ. ਓ. ਭਲਵਾਨ, ਸੁਖਚੈਨ ਸਿੰਘ ਐੱਸ. ਡੀ. ਓ. ਸ਼ੇਰਪੁਰ, ਕੁਲਜਿੰਦਰ ਸਿੰਘ ਐੱਸ. ਡੀ. ਓ. ਸ਼ੇਰਪੁਰ 2 ਪੇਧਨੀ ਕਲਾਂ ਪਿੰਡ 'ਚ ਬਿਜਲੀ ਚੋਰੀ ਸਬੰਧੀ ਜਾਂਚ ਪੜਤਾਲ ਕਰ ਰਹੇ ਸਨ। ਪਿੰਡ 'ਚ ਰੌਲਾ ਪੈਣ ਪਿੱਛੋਂ ਕਿਸਾਨ ਯੂਨੀਅਨ ਦੇ ਆਗੂ ਇਕੱਠੇ ਹੋ ਗਏ ਅਤੇ ਬਿਜਲੀ ਅਧਿਕਾਰੀਆਂ ਨੂੰ ਘੇਰ ਲਿਆ। ਇਸੇ ਦੌਰਾਨ ਨਰਦੇਵ ਸਿੰਘ ਅਤੇ ਸੁਖਚੈਨ ਸਿੰਘ ਨੇ ਪਿੰਡ ਲੱਡਾ ਵਿਖੇ ਚੈਕਿੰਗ ਸ਼ੁਰੂ ਕਰ ਦਿੱਤੀ ਤਾਂ ਇਕ ਕਿਸਾਨ ਯੂਨੀਅਨ ਦੇ ਆਗੂ ਘਰੋਂ ਵੀ ਬਿਜਲੀ ਦੀ ਕੁੰਡੀ ਫੜੀ ਗਈ ਅਤੇ ਬਿਜਲੀ ਚੋਰੀ ਦੇ ਅੱਜ 13 ਮਾਮਲੇ ਸਾਹਮਣੇ ਆਏ ਹਨ।

ਇਸ ਮੌਕੇ ਡੀ. ਐੱਸ. ਪੀ. ਧੂਰੀ ਰਛਪਾਲ ਸਿੰਘ, ਐੱਸ. ਐੱਚ. ਓ. ਸਦਰ ਧੂਰੀ ਹਰਵਿੰਦਰ ਸਿੰਘ ਖਹਿਰਾ, ਨਾਇਬ ਤਹਿਸੀਲਦਾਰ ਸ਼ੇਰਪੁਰ ਕਰਮਜੀਤ ਸਿੰਘ ਨੇ ਆਪਣੀ ਸੂਝ-ਬੂਝ ਨਾਲ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਹਿਜਤਾ ਨਾਲ ਨਜਿੱਠਣ 'ਚ ਕਾਮਯਾਬੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੋਂ ਛੁਡਵਾ ਲਿਆ।


author

cherry

Content Editor

Related News