ਕਾਂਗਰਸ ਦਾ ਆਪਣੀ ਹੀ ਸਰਕਾਰ ਵਿਰੁੱਧ ਧਰਨਾ 10ਵੇਂ ਦਿਨ ਵੀ ਜਾਰੀ

Saturday, Jan 06, 2018 - 10:38 AM (IST)

ਬਠਿੰਡਾ (ਵਰਮਾ)-ਫੜ੍ਹੀਆਂ ਲੱਗਣ ਨੂੰ ਲੈ ਕੇ ਧੋਬੀ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਤੇ ਕਾਂਗਰਸ ਦਾ ਆਪਣੀ ਹੀ ਸਰਕਾਰ ਵਿਰੁੱਧ ਧਰਨਾ ਅੱਜ 10ਵੇਂ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਵਿਵਾਦ ਹੋਰ ਡੂੰਘਾ ਹੋ ਰਿਹਾ ਹੈ। ਕਰੋੜਾਂ ਰੁਪਏ ਖਰਚ ਕਰ ਕੇ ਧੋਬੀ ਬਾਜ਼ਾਰ ਟਰੇਡਰਜ਼ ਨੇ ਦੁਕਾਨਾਂ ਖਰੀਦੀਆਂ ਤੇ ਸਵੱਛ ਭਾਰਤ ਅਭਿਆਨ 'ਚ ਹਿੱਸਾ ਲੈਂਦੇ ਹੋਏ ਬਾਜ਼ਾਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਨੂੰ ਸਹਿਯੋਗ ਵੀ ਦਿੱਤਾ। ਇਸ ਦੇ ਬਾਵਜੂਦ ਕਾਂਗਰਸ ਵਿਚ ਸ਼ਾਮਲ ਹੋਏ ਕੁਝ ਲੋਕ ਧੱਕੇਸ਼ਾਹੀ ਤਹਿਤ ਫੜ੍ਹੀ ਵਾਲਿਆਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਅੋਸੋਸੀਏਸ਼ਨ ਵਿਰੁੱਧ ਭੜਕਾ ਰਹੇ ਹਨ, ਜਿਸ ਨਾਲ ਦੋਵੇਂ ਧਿਰਾਂ 'ਚ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਅੋਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਸਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਕੇ ਸਮੱਸਿਆ ਤੋਂ ਜਾਣੂ ਕਰਵਾਇਆ  ਹੈ ਕਿ ਐਤਵਾਰ ਨੂੰ ਬਾਜ਼ਾਰ 'ਚ ਫੜ੍ਹੀਆਂ ਲੱਗਣਾ ਬੰਦ ਕਰਵਾਇਆ ਜਾਵੇ ਕਿਉਂਕਿ ਜਿਥੇ ਵਪਾਰੀਆਂ ਨੂੰ ਚੋਰੀ ਦਾ ਡਰ ਰਹਿੰਦਾ ਹੈ, ਉਥੇ ਬਾਜ਼ਾਰ 'ਚ ਗੰਦ ਵੀ ਪੈਂਦਾ ਹੈ। ਮਨਪ੍ਰੀਤ ਬਾਦਲ ਨੇ ਸਪੱਸ਼ਟ ਕੀਤਾ ਸੀ ਕਿ ਧੋਬੀ ਬਜ਼ਾਰ 'ਚ ਫੜ੍ਹੀਆਂ ਲੱਗਣਾ ਬੰਦ ਕਰਵਾਇਆ ਜਾਵੇਗਾ ਪਰ ਇਕ ਹੋਰ ਕਾਂਗਰਸੀ ਆਗੂ ਨੇ ਬੀਬੀ ਬਾਦਲ ਦੇ ਕਹਿਣ 'ਤੇ ਫੜ੍ਹੀ ਵਾਲਿਆਂ ਨੂੰ ਹੱਲਾਸ਼ੇਰੀ ਦੇ ਦਿੱਤੀ। ਐਤਵਾਰ ਨੂੰ ਨਗਰ ਨਿਗਮ ਦੇ ਅਧਿਕਾਰੀ ਫੜ੍ਹੀਆਂ ਬੰਦ ਕਰਵਾਉਣ ਆਏ ਸਨ ਪਰ ਫੜ੍ਹੀ ਵਾਲਿਆਂ ਨੇ ਇਕੱਤਰ ਹੋ ਕੇ ਨਿਗਮ ਦੀ ਟੀਮ ਨੂੰ ਬੇਰੰਗ ਪਰਤਣ ਲਈ ਮਜਬੂਰ ਕਰ ਦਿੱਤਾ।
ਜ਼ਿਲਾ ਪ੍ਰਸ਼ਾਸਨ ਵੱਲੋਂ ਅਮਰੀਕ ਸਿੰਘ ਰੋਡ 'ਤੇ ਸੰਡੇ ਮਾਰਕੀਟ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਥੇ ਪੂਰਾ ਬਾਜ਼ਾਰ ਭਰਦਾ ਹੈ, ਜਿਸ 'ਤੇ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਹੈ ਪਰ ਧੋਬੀ ਬਾਜ਼ਾਰ ਵਿਚ ਫੜ੍ਹੀਆਂ ਲਾ ਕੇ ਉਨ੍ਹਾਂ ਦਾ ਕਾਰੋਬਾਰ ਚੌਪਟ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ। ਅੋਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਮਸਲੇ ਦਾ ਹੱਲ ਨਾ ਹੋਇਆ ਤੇ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਉਹ ਬਾਜ਼ਾਰ ਬੰਦ ਦਾ ਸੱਦਾ ਦੇਣਗੇ।
ਧਰਨੇ 'ਚ ਬੈਠੇ ਕਾਂਗਰਸੀ ਆਗੂਆਂ ਵਿਚ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਰਾਜੂ ਭੱਠੇ ਵਾਲਾ, ਪ੍ਰਸ਼ੋਤਮ ਕੁਮਾਰ, ਰਜਿੰਦਰ ਕੁਮਾਰ ਤੋਂ ਇਲਾਵਾ ਵਿਨੋਦ ਕੁਮਾਰ, ਵੇਦ ਪ੍ਰਕਾਸ਼ ਸ਼ਰਮਾ, ਮਨੋਜ ਗੋਇਲ, ਕਮਲ ਸਿੰਗਲਾ, ਈਸ਼ਵਰ ਸਿੰਘ ਚੌਹਾਨ, ਰਜਿੰਦਰ ਗੁਪਤਾ, ਪਵਨ ਕੁਮਾਰ, ਵਿਨੀਸ਼ ਗਰਗ, ਜੀ. ਐੱਸ. ਢੀਂਡਸਾ, ਕਮਲ ਗਰਗ, ਸਤੀਸ਼ ਕੁਮਾਰ, ਅਸ਼ੋਕ ਜੈਨ ਵੀ ਸ਼ਾਮਲ ਹੋਏ। 
ਦੂਜੇ ਪਾਸੇ ਫੜੀ ਵਾਲਿਆਂ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਦੁਕਾਨਾਂ ਬੰਦ ਰਹਿੰਦੀਆਂ ਹਨ। ਜੇਕਰ ਕੋਈ ਗਰੀਬ ਆਪਣਾ ਰੁਜ਼ਗਾਰ ਕਰਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।


Related News