ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਰਿਵਾਰ ਦਾ ਅਹਿਮ ਐਲਾਨ

Wednesday, Oct 18, 2023 - 02:57 PM (IST)

ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਰਿਵਾਰ ਦਾ ਅਹਿਮ ਐਲਾਨ

ਸੁਲਤਾਨਪੁਰ ਲੋਧੀ (ਧੀਰ)-ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਖ਼ੁਦਕੁਸ਼ੀ ਮਾਮਲੇ ’ਚ ਮੰਗਲਵਾਰ ਮਾਣਯੋਗ ਹਾਈਕੋਰਟ ਵੱਲੋਂ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ, ਜਦਕਿ ਨਾਮਜ਼ਦ ਮੁਨਸ਼ੀ ਬਲਵਿੰਦਰ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਇਹ ਜਾਣਕਾਰੀ ਢਿੱਲੋਂ ਬ੍ਰਦਰਜ਼ ਦੇ ਐਡਵੋਕੇਟ ਬੀ. ਐੱਸ. ਰਾਣਾ, ਐਡ. ਮਨਪ੍ਰੀਤ ਸਿੰਘ ਧਾਲੀਵਾਲ ਅਤੇ ਐਡਵੋਕੇਟ ਸਰਬਜੀਤ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ। ਦੱਸ ਦੇਈਏ ਕਿ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵੱਲੋਂ ਸਬ ਤੋਂ ਪਹਿਲਾਂ ਮਾਣਯੋਗ ਕਪੂਰਥਲਾ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਸੀ, ਜਿਸ ’ਤੇ ਮਾਣਯੋਗ ਵਧੀਕ ਸੈਸ਼ਨ ਜੱਜ ਆਜਾਇਬ ਸਿੰਘ ਵੱਲੋਂ ਉਕਤ ਤਿੰਨਾਂ ਦੀ ਤਰੀਕ 19 ਸਤੰਬਰ ਰੱਖੀ ਸੀ।

19 ਸਤੰਬਰ ਨੂੰ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਅਤੇ ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਵਕੀਲ ਭਾਰਤ ਪੁਰੀ ਅਤੇ ਬਲਵਿੰਦਰ ਕੁਮਾਰ ਵੱਲੋਂ ਮਨਦੀਪ ਸਿੰਘ ਸਚਦੇਵਾ ਅਤੇ ਢਿੱਲੋਂ ਬ੍ਰਦਰਜ਼ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੇ-ਆਪਣੇ ਪੱਖ ਰੱਖੇ, ਜਿਸ ਉਪਰੰਤ ਮਾਣਯੋਗ ਵਧੀਕ ਸੈਸ਼ਨ ਜੱਜ ਆਜਾਇਬ ਸਿੰਘ ਵੱਲੋਂ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ 21 ਸਤੰਬਰ ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਅਤੇ ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵੱਲੋਂ ਲਾਈ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਗਈ, ਜਿਸ ’ਤੇ 4 ਅਕਤੂਬਰ ਨੂੰ ਹਾਈਕੋਰਟ ਵੱਲੋਂ ਜਗਜੀਤ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ। ਇਸ ਉਪਰੰਤ ਮਾਮਲੇ ’ਚ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਤੇ ਮੁਨਸ਼ੀ ਬਲਵਿੰਦਰ ਕੁਮਾਰ ਵੱਲੋਂ ਹਾਈਕੋਰਟ ਵਿਚ ਆਪਣੀ ਜ਼ਮਾਨਤ ਲਈ ਅਰਜ਼ੀ ਲਾਈ ਗਈ, ਜਿਸ ਦੀ ਤਾਰੀਕ 17 ਅਕਤੂਬਰ ਪਈ।

ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ

ਮੰਗਲਵਾਰ 17 ਅਕਤੂਬਰ ਨੂੰ ਜਸਟਿਸ ਰਾਜਬੀਰ ਸ਼ੇਰਾਵਤ ਦੀ ਕੋਰਟ ਵੱਲੋਂ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਾਮਜ਼ਦ ਮੁਨਸ਼ੀ ਬਲਵਿੰਦਰ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਤੇ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਨਵਦੀਪ ਸਿੰਘ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ।

ਕੀ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਹੱਲ ਕਰਨ ਲਈ ਦੋਵੇਂ ਧਿਰਾਂ ਜਲੰਧਰ ਦੇ ਥਾਣਾ ਨੰ. 1 ’ਚ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਥਾਣੇ ’ਚ ਲੜਕੀ ਧਿਰ ਵੱਲੋਂ ਆਏ ਇਕ ਵਿਅਕਤੀ ਮਾਨਵਜੀਤ ਸਿੰਘ ਢਿੱਲੋਂ ’ਤੇ ਪੁਲਸ ਨੇ 107/51 ਦਾ ਕੇਸ ਦਰਜ ਕਰ ਦਿੱਤਾ। ਮਾਨਵਜੀਤ ਸਿੰਘ ਢਿੱਲੋਂ ਨੂੰ ਕਥਿਤ ਤੌਰ ’ਤੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਵਿੰਦਰ ਕੁਮਾਰ ਨੇ ਕਾਫੀ ਜ਼ਲੀਲ ਕੀਤਾ ਤੇ ਕੁੱਟਮਾਰ ਕਰਦੇ ਹੋਈ ਉਸ ਦੀ ਪੱਗ ਵੀ ਉਤਾਰ ਦਿੱਤੀ ਸੀ। ਇਸ ਬਾਰੇ ਜਦੋਂ ਮਾਨਵਜੀਤ ਸਿੰਘ ਢਿੱਲੋਂ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੂੰ ਪਤਾ ਚੱਲਦਾ ਹੈ ਤਾਂ ਉਹ ਇਹ ਸਭ ਕੁੱਝ ਨਾ ਸਹਾਰ ਸਕਿਆ ਤੇ ਉਸੇ ਗੋਇੰਦਵਾਲ ਸਾਹਿਬ ਪੁਲ ਤੋਂ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ, ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ ਸੀ। ਪੁਲਸ ਨੇ ਕਾਫੀ ਦਿਨਾਂ ਬਾਅਦ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕੀਤੀ।
ਇਸ ਦੌਰਾਨ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲਣ ਉਪਰੰਤ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਵਿੰਦਰ ਕੁਮਾਰ ਵਿਰੁੱਧ ਧਾਰਾ ਆਈ. ਪੀ. ਸੀ. 306, 506 ਤੇ 343 ਤਹਿਤ ਮਾਮਲਾ ਦਰਜ ਕਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਨਾ ਹੁੰਦਾ ਹੋਇਆ ਦੇਖ ਕੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਐੱਸ. ਐੱਚ. ਓ. ਨਵਦੀਪ ਸਿੰਘ ਮੁਅੱਤਲ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਮਾਨਵਜੀਤ ਸਿੰਘ ਢਿੱਲੋਂ ਦਾ ਹਾਲੇ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਾ ਹੈ, ਕਿ ਉਹ ਕਿੱਥੇ ਹੈ।

ਕੀ ਹੋਵੇਗੀ ਹੁਣ ਕਪੂਰਥਲਾ ਪੁਲਸ ਦੀ ਕਾਰਵਾਈ?
ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਖ਼ੁਦਕੁਸ਼ੀ ਮਾਮਲੇ ’ਚ ਕਪੂਰਥਲਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਕ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਸੀ ਹੋ ਸਕਿਆ। ਲੋਕਾਂ ਵੱਲੋਂ ਕਪੂਰਥਲਾ ਪੁਲਸ ’ਤੇ ਕਈ ਸਵੱਲੀਆ ਨਿਸ਼ਾਨ ਵੀ ਲਾਏ ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੇ ਐੱਸ. ਐੱਚ. ਓ., ਮਹਿਲਾ ਕਾਂਸਟੇਬਲ ਤੇ ਮੁਨਸ਼ੀ ਦਾ ਨਾਂ ਆਉਣ ਕਰ ਕੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਮਾਣਯੋਗ ਹਾਈਕੋਰਟ ਵੱਲੋਂ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰਨ ’ਤੇ ਕਪੂਰਥਲਾ ਪੁਲਸ ਦੀ ਕਾਰਵਾਈ ਕੀ ਹੋਵੇਗੀ? ਕੀ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇਗੀ ਜਾਂ ਫਿਰ ਅਦਾਲਤ ਰਾਹੀਂ ਭਗੌੜਾ ਕਰਾਰ ਕਰਵਾਏਗੀ?

ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਨਵਾਂ ਫਰਮਾਨ ਜਾਰੀ

ਕਪੂਰਥਲਾ ਪੁਲਸ ਜਲੰਧਰ ਵਾਲੇ ‘ਅਕਾਵਾਂ’ ਦੇ ਹੁਕਮਾਂ ਦਾ ਕਰ ਰਹੀ ਇੰਤਜ਼ਾਰ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਪੂਰਥਲਾ ਪੁਲਸ ’ਤੇ ਜਲੰਧਰ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਬਹੁਤ ਦਬਾਅ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਸਾਰੀ ਖੇਡ ਜਲੰਧਰ ਤੋਂ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਜਲੰਧਰ ਸ਼ਹਿਰ ’ਚ ਮੌਜੂਦ ਇਕ ਵੱਡੇ ਲਿਡਰ ਵੱਲੋਂ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਬਚਾਉਣ ਲਈ ਪੂਰੀ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਸੂਤਰਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਪੂਰਥਲਾ ਪੁਲਸ ਨੂੰ ਜਲੰਧਰ ਵਾਲੇ ‘ਆਕਾਵਾਂ’ ਦੇ ਹੁਕਮਾਂ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਹੀ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਰੋਸ ਵਜੋਂ ਜਲੰਧਰ ’ਚ ਕੱਢਾਂਗੇ ਕੈਂਡਲ ਮਾਰਚ: ਪਰਿਵਾਰਕ ਮੈਂਬਰ
ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਉਹ ਸ਼ਾਂਤ ਨਹੀਂ ਬੈਠਣਗੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਪੂਰਥਲਾ ਪੁਲਸ ਦੀ ਕਾਰਵਾਈ ’ਤੇ ਕਈ ਸਵਾਲੀਆ ਨਿਸ਼ਾਨ ਚੁੱਕੇ ਹਨ। ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ, ਐਡਵੋਕੇਟ ਸਰਬਜੀਤ ਸਿੰਘ ਅਤੇ ਦੋਸਤ ਮਾਨਵਦੀਪ ਸਿੰਘ ਉੱਪਲ ਨੇ ਮਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ 19 ਅਕਤੂਬਰ ਨੂੰ ਜਲੰਧਰ ਵਿਚ ਕੈਂਡਲ ਮਾਰਚ ਕਰਨ ਦੀ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News