ਪਿੰਡ ਵਾਸੀਅਾਂ ਨੇ ਪੁਲਸ ਥਾਣੇ ਅੱਗੇ ਲਾਇਆ ਧਰਨਾ

Monday, Aug 13, 2018 - 01:46 AM (IST)

ਪਿੰਡ ਵਾਸੀਅਾਂ ਨੇ ਪੁਲਸ ਥਾਣੇ ਅੱਗੇ ਲਾਇਆ ਧਰਨਾ

ਮਾਨਸਾ, (ਜੱਸਲ)- ਮਾਨਸਾ ਜ਼ਿਲੇ ਦੇ ਪਿੰਡ ਅਲੀਸ਼ੇਰ ਖੁਰਦ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਥਾਣਾ ਜੋਗਾ ਅੱਗੇ ਧਰਨਾ ਲਗਾ ਕੇ ਠੇਕੇ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਥਾਣਾ ਜੋਗਾ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਮਿੱਠੂ ਸਿੰਘ ਅਲੀਸ਼ੇਰ ਖੁਰਦ ਨੇ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਵੱਲੋਂ ਜ਼ਬਰਦਸਤੀ ਨਾਲ ਪਿੰਡ ’ਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਹੈ, ਜਦ ਕਿ ਪਿੰਡ ਵਾਸੀ ਇਸਦਾ ਵਿਰੋਧ ਕਰ ਰਹੇ ਹਨ,  ਕਿਉਂਕਿ ਬੱਸ ਸਟੈਂਡ ਕੋਲੋਂ ਗੁਜ਼ਰ ਕੇ ਸਕੂਲ ਪਡ਼੍ਹਨ ਵਾਲੇ ਬੱਚੇ ਜਾਂਦੇ ਹਨ ਅਤੇ ਗੁਰੂਘਰ ਵੀ ਨੇਡ਼ੇ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਕੋਲ ਠੇਕਾ ਖੋਲ੍ਹਣ ਲਈ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਕਿਹਾ ਕਿ ਠੇਕੇਦਾਰ ਨੂੰ ਜਦ ਪਿੰਡ ’ਚ ਸ਼ਰਾਬ ਦਾ ਠੇਕਾ ਨਾਂ ਖੋਲਣ ਦੀ ਗੱਲ ਕਹੀ, ਤਾਂ ਠੇਕੇਦਾਰ ਮਨਜੂਰੀ ਹੋਣ ਦੀ ਗੱਲ ਕਹਿ ਰਿਹਾ ਹੈ, ਜਦਕਿ ਉਸ ਮਨਜੂਰੀ ’ਚ ਪਿੰਡ ਦਾ ਨਾਂ ਪੂਰਾ ਦਰਜ ਨਹੀਂ ਹੈ। ਕਲੱਬ ਪ੍ਰਧਾਨ ਜਗਨਿੰਦਰ ਸਿੰਘ, ਰਾਜਵਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ, ਪਰ ਕੁੱਝ ਠੇਕੇਦਾਰ ਆਪਣੀ ਆਮਦਨ ’ਚ ਵਾਧਾ ਕਰਨ ਲਈ ਮਨਮਰਜ਼ੀ ਨਾਲ ਲੋਕਾਂ ਨੂੰ ਨਸ਼ੇ ’ਚ ਲਗਾ ਰਹੇ ਹਨ, ਉਨ੍ਹਾਂ ਕਿਹਾ ਕਿ ਪਿੰਡ ’ਚ ਇਸ ਤੋਂ ਪਹਿਲਾ ਕੋਈ ਸ਼ਰਾਬ ਦਾ ਠੇਕਾ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸ਼ਰਾਬ ਦਾ ਠੇਕਾ ਜਲਦੀ ਚੁੱਕਿਆ ਜਾਵੇ, ਜੇਕਰ  ਜ਼ਬਰਦਸਤੀ ਖੋਲ੍ਹਿਆ ਠੇਕਾ ਨਾਂ ਚੁੱਕਿਆ ਗਿਆ, ਤਾਂ ਪਿੰਡ ਵਾਸੀ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜਸਵੀਰ ਸਿੰਘ, ਨਾਇਬ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਗੁਰਜਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ ਆਦਿ ਪਿੰਡ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ। 
 ®ਜਦ ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ  ਪਿੰਡ ’ਚ ਖੋਲ੍ਹਿਆ ਗਿਆ ਠੇਕਾ ਮਨਜੂਰਸ਼ੁਦਾ ਹੈ, ਸਬੰਧਤ ਅਧਿਕਾਰੀਅਾਂ ਨਾਲ ਗੱਲ ਕਰਕੇ ਪਿੰਡ ਵਾਸੀਅਾਂ ਦੀ ਮੰਗ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। 


Related News