ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਅਕਾਲੀ ਆਗੂਆਂ ਵੱਲੋਂ ਧਰਨਾ

Wednesday, Aug 02, 2017 - 01:51 AM (IST)

ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਅਕਾਲੀ ਆਗੂਆਂ ਵੱਲੋਂ ਧਰਨਾ

ਲਹਿਰਾਗਾਗਾ ,  (ਜਿੰਦਲ, ਗਰਗ)-  ਪਿੰਡ ਅਲੀਸ਼ੇਰ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਹਰਮੇਸ਼ ਚੰਦ ਮੇਸ਼ੀ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਹਲਕੇ ਦੇ ਵੱੱਖ-ਵੱਖ ਪਿੰਡਾਂ ਦੇ ਲੋਕਾਂ ਤੇ ਅਕਾਲੀ ਆਗੂਆਂ ਨੇ ਜਾਖਲ-ਸੁਨਾਮ ਦੇ ਮੁੱਖ ਮਾਰਗ ਦੀ ਘੱਗਰ ਬ੍ਰਾਂਚ ਲਹਿਰਾ ਦੇ ਪੁਲ ਉਪਰ ਧਰਨਾ ਦਿੱਤਾ ਤੇ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਤੇ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।  ਧਰਨੇ ਨੂੰ ਵੱਖ-ਵੱਖ ਅਕਾਲੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਡੀ. ਐੱਸ. ਪੀ. ਮੂਣਕ ਤੇ ਥਾਣਾ ਲਹਿਰਾ ਦੇ ਐੱਸ. ਐੱਚ. ਓ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਪ੍ਰਗਟ ਗਾਗਾ, ਪੰਜਾਬ ਐਗਰੋ ਦੇ ਸਾਬਕਾ ਵਾਈਸ ਚੇਅਰਮੈਨ ਸੱਤਪਾਲ ਸਿੰਗਲਾ, ਗੋਬਿੰਦਪੁਰਾ ਜਵਾਹਰਵਾਲਾ ਦੇ ਸਰਪੰਚ ਕੁਲਵੰਤ, ਗੁਰਦੀਪ ਸਿੰਘ ਕੋਟੜਾ, ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲਾ ਆਗੂ ਪਰਮਜੀਤ ਵਿਰਕ, ਸੁਨੀਤਾ ਸ਼ਰਮਾ ਆਦਿ ਨੇ ਕਿਹਾ ਕਿ ਸਾਬਕਾ ਸਰਪੰਚ ਮੇਸ਼ੀ ਦੀ ਸੜਕ ਹਾਦਸੇ 'ਚ ਮੌਤ ਨਹੀਂ ਹੋਈ, ਉਨ੍ਹਾਂ ਦਾ ਸਾਜ਼ਿਸ਼ ਅਧੀਨ ਜਾਣਬੁੱਝ ਕੇ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜੋ ਚਾਰ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤਾ ਹੈ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਢਿੱਲ ਵਰਤੀ ਜਾ ਰਹੀ ਹੈ, ਜੋ ਨਿੰਦਣਯੋਗ ਹੈ।  ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਚਾਰ ਮਹੀਨੇ ਵਿਚ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਪਰ ਹੁਣ ਸਰਕਾਰ ਦੀ ਸ਼ਹਿ 'ਤੇ ਕਤਲ ਵੀ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੇਸ਼ੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।  ਇਸ ਮੌਕੇ ਪ੍ਰੀਤ ਮਹਿੰਦਰ ਸਿੰਘ, ਗੁਰਸੰਤ ਸਿੰਘ ਭੁਟਾਲ, ਸੁਖਵਿੰਦਰ ਸਿੰਘ ਬਿੱਲੂ, ਨਾਇਬ ਸਿੰਘ ਪੂਨੀਆ ਸਰਪੰਚ, ਗਿਆਨੀ ਨਿਰੰਜਣ ਭੁਟਾਲ, ਧਰਮਜੀਤ ਸੰਗਤਪੁਰਾ, ਭਾਜਪਾ ਆਗੂ ਵਿਨੋਦ ਸਿੰਗਲਾ, ਆੜ੍ਹਤੀਆ ਆਗੂ ਸੰਜੀਵ ਸਿੰਗਲਾ, ਸਾਬਕਾ ਸਰਪੰਚ ਰਣਜੀਤ ਵਾਲੀਆ, ਸਤਿਗੁਰ ਸਿੰਘ ਦੰਦੀਵਾਲ, ਦਲਜੀਤ ਸਿੰਘ ਸਰਾਓ, ਯੂਥ ਆਗੂ ਅਮਿੱਤ ਅਲੀਸ਼ੇਰ, ਗੁਰਮੇਲ ਸਿੰਘ ਮੇਲੀ, ਗੁਰਦੀਪ ਸਿੰਘ ਮਕਰੋੜ ਤੇ ਮਦਨ ਕਲੇਰ ਆਦਿ ਹਾਜ਼ਰ ਸਨ। 
ਇਸ ਮੌਕੇ ਐੱਸ. ਪੀ. ਐੱਚ. ਹਰਵਿੰਦਰ ਸਿੰਘ ਨੇ ਧਰਨੇ 'ਤੇ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਸ਼ੀ ਦੇ ਮਾਮਲੇ ਵਿਚ ਜੋ ਚਾਰ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਬਾਕੀ ਰਹਿੰਦੇ ਦੋ ਨੂੰ ਕੱਲ ਤੱਕ ਗ੍ਰਿਫਤਾਰ ਕਰ ਲਿਆ ਜਾਵੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਕੱਲ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਸ ਧਰਨੇ ਨੂੰ ਜ਼ਿਲਾ ਪੱਧਰ 'ਤੇ ਲਾਇਆ ਜਾਵੇਗਾ।


Related News