ਅਕਾਲੀ ਦਲ ਨੇ ਸ਼ੁਰੂ ਕੀਤਾ 'ਪੰਜਾਬ ਬਚਾਓ ਧਰਨਾ', ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

03/17/2023 1:45:42 PM

ਲੰਬੀ (ਕੁਲਦੀਪ ਸਿੰਘ ਰਿਣੀ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਸ਼ੁਰੂ ਕੀਤੇ ਧਰਨਿਆਂ ਦੀ ਲੜੀ ਤਹਿਤ ਅੱਜ ਲੰਬੀ ਸਬ ਤਹਿਸੀਲ ਅੱਗੇ ਧਰਨੇ 'ਤੇ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਧਰਨੇ ਦੌਰਾਨ ਵੱਡੀ ਗਿਣਤੀ 'ਚ ਲੰਬੀ ਹਲਕੇ ਦੇ ਅਕਾਲੀ ਦਲ ਦੇ ਵਰਕਰ ਪਹੁੰਚੇ। ਇਸ ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਮਾੜੀ ਹੈ। ਉਨ੍ਹਾਂ ਨੇ ਬੇਅਦਬੀ ਮਾਮਲੇ 'ਤੇ ਕਿਹਾ ਕਿ ਇਸ ਉਮਰ 'ਚ ਪ੍ਰਕਾਸ਼ ਸਿੰਘ ਬਾਦਲ 'ਤੇ ਝੂਠਾ ਪਰਚਾ ਪਾ ਦਿੱਤਾ ਗਿਆ ਹੈ ਜੋ ਕਿ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਰਚਾ ਦੇਣਾ ਹੈ ਤਾਂ ਮੇਰੇ 'ਤੇ ਪੰਜ ਹੋਰ ਦੇ ਦਿਓ ਪਰ ਮੌਜੂਦਾ ਸਰਕਾਰ ਆਪਣੀਆਂ ਕਮੀਆਂ ਲੁਕਾਉਣ 'ਤੇ ਲੱਗੀ ਹੋਈ ਹੈ।

ਇਹ ਵੀ ਪੜ੍ਹੋ- ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਹਜ਼ਾਰਾਂ ਏਕੜ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛੀ

ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ 'ਤੇ 3 ਪਰਚੇ ਹਨ, ਜਿਸ 'ਚ ਇਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕੇਸ 'ਚ ਪੇਸ਼ ਚਲਾਨ 'ਚ ਕਿਹਾ ਗਿਆ ਸੀ ਕਿ ਇਸ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਹੈ ਪਰ ਉਸ ਚਲਾਨ 'ਚ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰੀ ਦਾ ਨਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਝੂਠੇ ਕੇਸ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਅਜਿਹੇ ਇਨਸਾਨ ਹਨ ਜੋ ਵਾਅਦਾ ਕਰਦੇ ਹਨ ਉਹ ਪੂਰਾ ਵੀ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਬਾਦਲ ਸਰਕਾਰ ਨੇ ਸੂਬੇ ਦਾ ਤਿਣਕਾ-ਤਿਣਕਾ ਜੋੜ ਕੇ ਪੰਜਾਬ ਨੂੰ ਇੱਥੇ ਤੱਕ ਪਹੁੰਚਾਇਆ ਹੈ।

ਭਾਈ ਬਲਜੀਤ ਸਿੰਘ ਦਾਦੂਵਾਲ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਭਾਜਪਾ ਦਾ ਏਜੰਟ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਕਦੇ ਵੀ ਭਾਜਪਾ ਨੂੰ ਵੋਟ ਨਹੀਂ ਪਾਉਂਦਾ ਪਰ ਅਸੀਂ ਕਾਂਗਰਸ ਦੇ ਕੀਤੇ ਅੱਤਿਆਚਾਰ ਨੂੰ ਭੁੱਲ ਗਏ ਹਾਂ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਤੋਂ ਮਾੜੀ ਸਰਕਾਰ ਪੰਜਾਬ ਲਈ ਹੋਰ ਕੋਈ ਨਹੀਂ ਹੋ ਸਕਦੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਠਪੁਤਲੀ ਹੈ ਅਤੇ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ।

ਇਹ ਵੀ ਪੜ੍ਹੋ- ਅੱਤਵਾਦੀਆਂ ਵਲੋਂ ਲਾਹੌਰ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਨੂੰ ਉਡਾਉਣ ਦੀ ਧਮਕੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


Shivani Bassan

Content Editor

Related News