ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਧਰਨਾ ਦੂਜੇ ਦਿਨ ਵੀ ਜਾਰੀ

Saturday, May 05, 2018 - 06:58 AM (IST)

ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਧਰਨਾ ਦੂਜੇ ਦਿਨ ਵੀ ਜਾਰੀ

ਹਰੀਕੇ ਪੱਤਣ, (ਲਵਲੀ)- ਪਿੰਡ ਵਾਸੀਆਂ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਗੰਡੀਵਿੰਡ ਦੇ ਬਿਜਲੀ ਘਰ  ਮੂਹਰੇ ਅੱਜ ਦੂਸਰੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਪਾਲ ਸਿੰਘ ਜੋਣਕੇ ਨੇ ਕਿਹਾ ਕਿ ਬਿਜਲੀ ਵਿਭਾਗ ਪਾਵਰਕਾਮ ਦੇ ਮਾੜੇ ਵਤੀਰੇ ਖਿਲਾਫ ਬਿਜਲੀ ਘਰ ਗੰਡੀਵਿੰਡ ਵਿਖੇ ਧਰਨਾ ਲਾਇਆ ਗਿਆ ਹੈ, ਫਿਰ ਵੀ ਧਰਨੇ ਸਬੰਧੀ ਕੋਈ ਵੀ ਸੀਨੀਅਰ ਅਧਿਕਾਰੀ ਉਨ੍ਹਾਂ ਦੀ ਸਾਰ ਤੱਕ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਿੰਡ ਗੰਡੀਵਿੰਡ ਦੇ ਲੋਕਾਂ ਦੀਆਂ ਦੁੱਖ-ਤਕਲੀਫਾਂ ਨਾਲ ਪਾਵਰਕਾਮ ਨੂੰ ਕੋਈ ਦਰਦ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਵਰਕਾਮ ਦੇ ਅਧਿਕਾਰੀਆਂ ਦਾ ਆਮ ਲੋਕਾਂ ਨਾਲ ਵਤੀਰਾ ਚੰਗਾ ਨਹੀਂ ਹੈ।
 ਇਸ ਮੌਕੇ ਕਾਮਰੇਡ ਮਨਜੀਤ ਸਿੰਘ ਬੰਗੂ ਕੋਟ ਮੁਹੰਮਦ ਖਾਂ ਜ਼ਿਲਾ ਸੈਕਟਰੀ ਜਮਹੂਰੀ ਕਿਸਾਨ ਸਭਾ ਤੇ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੁਝ ਭ੍ਰਿਸ਼ਟਾਚਾਰੀ ਬਿਜਲੀ ਮੁਲਾਜ਼ਮਾਂ ਦਾ ਵਤੀਰਾ ਲੋਕਾਂ ਪ੍ਰਤੀ ਬਹੁਤਾ ਵਧੀਆ ਨਹੀਂ, ਜੇਕਰ ਸੀਨੀਅਰ ਅਧਿਕਾਰੀਆਂ ਨੇ ਆਮ ਲੋਕਾਂ ਦੀ ਆਵਾਜ਼ ਸੁਣ ਕੇ ਅਣਸੁਣੀ ਕੀਤੀ ਤਾਂ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਆਤਮਾ ਸਿੰਘ, ਦਾਰਾ ਸਿੰਘ, ਧਰਮ ਸਿੰਘ, ਸਵਰਨ ਸਿੰਘ ਗਿੱਲ, ਬਲਵਿੰਦਰ ਸਿੰਘ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਮੌਜੂਦਾ ਕਮੇਟੀ ਮੈਂਬਰ, ਇਕਬਾਲ ਸਿੰਘ ਸਾਬਕਾ ਜਥੇਦਾਰ, ਹਰਦਿਆਲ ਸਿੰਘ ਮੈਂਬਰ ਪੰਚਾਇਤ, ਕਸ਼ਮੀਰ ਕੌਰ ਮੈਂਬਰ, ਬਲਵੀਰ ਕੌਰ, ਅਮਰੀਕ ਕੌਰ, ਗੁਰਵਿੰਦਰ ਸਿੰਘ ਗਿੱਲ, ਸਕੱਤਰ ਸਿੰਘ, ਦਿਲਬਾਗ ਸਿੰਘ, ਸਾਬਕਾ ਸਰਪੰਚ ਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਿਜਲੀ ਚੋਰੀ ਨੂੰ ਰੋਕਣ ਦੇ ਸਬੰਧ ਵਿਚ ਬਿਜਲੀ ਬੋਰਡ ਦੇ ਐੱਸ. ਡੀ. ਓ. ਸਣੇ ਪਾਵਰਕਾਮ ਦੀ ਪੂਰੀ ਟੀਮ ਪੁੱਜੀ ਤਾਂ ਪਿੰਡ ਵਾਲਿਆਂ ਵੱਲਂੋ ਇਸ ਦਾ ਵਿਰੋਧ ਕੀਤਾ ਗਿਆ ਤੇ ਪਿੰਡ ਵਾਸੀਆਂ ਨੇ ਪਾਵਰਕਾਮ ਦੇ ਅਧਿਕਾਰੀਆਂ 'ਤੇ ਪੇਟੀਆਂ 'ਚੋਂ ਹੀਟਰ ਲੱਭਣ ਅਤੇ ਪੇਟੀਆਂ ਦੀ ਤਲਾਸ਼ੀ ਕਰਨ ਦੇ ਬਹਾਨੇ ਚੋਰੀ ਕਰਨ ਦੇ ਇਲਜ਼ਾਮ ਲਾਏ ਗਏ ਸਨ ਪਰ ਪਾਵਰਕਾਮ ਦੇ ਐੱਸ. ਡੀ. ਓ. ਨੇ ਆਪਣੇ ਤੇ ਆਪਣੇ ਕਰਮਚਾਰੀਆਂ 'ਤੇ ਲੱਗੇ ਚੋਰੀ ਦੇ ਇਲਜ਼ਾਮਾ ਨੂੰ ਸਿਰੇ ਤਂੋ ਨਾਕਾਰਿਆ ਸੀ। 


Related News