ASI ਦੀ ਲੋਕਾਂ ਨੇ ਕੀਤੀ ਕੁੱਟਮਾਰ, ਪਾੜੀ ਵਰਦੀ

Saturday, Sep 28, 2019 - 10:45 AM (IST)

ASI ਦੀ ਲੋਕਾਂ ਨੇ ਕੀਤੀ ਕੁੱਟਮਾਰ, ਪਾੜੀ ਵਰਦੀ

ਧਾਰੀਵਾਲ (ਖੋਸਲਾ, ਬਲਬੀਰ) : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ 'ਚ ਕੁਝ ਮੁਹੱਲਾ ਨਿਵਾਸੀ ਪੰਜਾਬ ਪੁਲਸ ਦੇ ਏ.ਐੱਸ.ਆਈ. ਹਰਮੇਸ਼ ਕੁਮਾਰ ਦੀ ਕੁੱਟਮਾਰ ਕਰ ਰਹੇ ਹਨ। ਘਟਨਾ ਪਿੰਡ ਰਣੀਆਂ ਦੀ, ਜਿੱਥੇ ਏ.ਐੱਸ.ਆਈ. ਦੀ ਇਕ ਧਿਰ ਵਲੋਂ ਕੁੱਟਮਾਰ ਕਰ ਕੇ ਉਸਦੀ ਵਰਦੀ ਪਾੜ ਦਿੱਤੀ ਗਈ। ਜਾਣਕਾਰੀ ਮੁਤਾਬਕ ਸਤਵਿੰਦਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਰਣੀਆਂ ਨੇ ਘਰ ਦੇ ਗੇਟ ਨੂੰ ਲੈ ਕੇ ਬਿਸ਼ਨ ਦਾਸ ਪੁੱਤਰ ਮਾੜੂ ਰਾਮ ਵਾਸੀ ਪਿੰਡ ਰਣੀਆਂ ਵਿਰੁੱਧ ਥਾਣਾ ਧਾਰੀਵਾਲ ਵਿਖੇ ਦਰਖ਼ਾਸਤ ਦਿੱਤੀ ਹੋਈ ਸੀ।

ਇਸ ਸਬੰਧੀ ਏ. ਐੱਸ. ਆਈ. ਹਰਮੇਸ਼ ਕੁਮਾਰ ਇਕੱਲੇ ਹੀ ਕੇਸ ਦੀ ਛਾਣਬੀਣ ਕਰਨ ਲਈ ਗਿਆ ਤਾਂ ਬਿਸ਼ਨ ਦਾਸ ਦੀ ਧਿਰ ਦੀ ਏ. ਐੱਸ. ਆਈ. ਹਰਮੇਸ਼ ਕੁਮਾਰ ਨਾਲ ਬਹਿਸ ਸ਼ੁਰੂ ਹੋ ਗਈ। ਜਿਸਦੇ ਸਿੱਟੇ ਵਜੋਂ ਬਿਸ਼ਨ ਦਾਸ ਦੇ ਪਰਿਵਾਰਕ ਮੈਂਬਰਾਂ ਵਲੋਂ ਉਕਤ ਮੁਲਾਜ਼ਮ ਦੀ ਕੁੱਟ-ਮਾਰ ਕਰ ਕੇ ਉਸਦੀ ਵਰਦੀ ਪਾੜ ਦਿੱਤੀ ਗਈ ਅਤੇ ਘਰ 'ਚ ਬਿਠਾ ਰੱਖਿਆ। ਇਸਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਧਾਰੀਵਾਲ ਅਮਨਦੀਪ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਕੇ ਉਕਤ ਪਰਿਵਾਰਕ ਮੈਂਬਰਾਂ ਕੋਲੋਂ ਛੁਡਵਾਇਆ ਅਤੇ ਇਸ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ 'ਤੇ ਉੱਚ ਪੁਲਸ ਅਧਿਕਾਰੀਆਂ ਨੇ ਥਾਣਾ ਧਾਰੀਵਾਲ ਵਿਖੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਏ. ਐੱਸ. ਆਈ. ਹਰਮੇਸ਼ ਕੁਮਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸ ਸਬੰਧੀ ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰਾਨ ਬਿਸ਼ਨ ਦਾਸ ਵਾਸੀ ਰਣੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


author

Baljeet Kaur

Content Editor

Related News