ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP, ਨਸ਼ੇ ਨੂੰ ਠੱਲ੍ਹਣ ਲਈ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਤਾਲਮੇਲ ਬਣਾਉਣ ਦਾ ਸੱਦਾ

01/16/2022 11:47:46 AM

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ)- ਪੰਜਾਬ ਵਿਧਾਨ ਸਭਾ ਚੋਣਾਂ 2022 ਐਲਾਨੇ ਜਾਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਵੀ. ਕੇ. ਭਾਵਰਾ ਨੇ ਸ਼ਨੀਵਾਰ ਨੂੰ ਸੂਬੇ ਵਿਚ ਨਸ਼ਿਆਂ ਦੀ ਆਮਦ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਰਾਜਾਂ ਦੀ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ 14 ਫਰਵਰੀ, 2022 ਨੂੰ ਹੋਣੀਆਂ ਹਨ, ਜਦਕਿ ਨਤੀਜੇ 10 ਮਾਰਚ, 2022 ਨੂੰ ਐਲਾਨੇ ਜਾਣਗੇ।
ਜਿਕਰਯੋਗ ਹੈ ਡੀ. ਜੀ. ਪੀ. ਆਗਾਮੀ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਨਸ਼ਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਮੀਟਿੰਗ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਰਾਜ ਪੁਲਸ ਨੋਡਲ ਅਫਸਰ ਫਾਰ ਇਲੈਕਸ਼ਨਜ, ਪੰਜਾਬ ਵੱਲੋਂ ਕਰਵਾਈ ਗਈ ਸੀ। ਏ. ਡੀ. ਜੀ. ਪੀ. ਆਰ. ਐੱਨ. ਢੋਕੇ ਅਤੇ ਏ. ਡੀ. ਜੀ. ਪੀ ਨਰੇਸ਼ ਅਰੋੜਾ ਵੀ ਮੀਟਿੰਗ ਵਿਚ ਮੌਜੂਦ ਸਨ।

ਮੀਟਿੰਗ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.), ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ), ਦਿੱਲੀ ਪੁਲਸ, ਹਰਿਆਣਾ ਪੁਲਸ, ਹਿਮਾਚਲ ਪ੍ਰਦੇਸ਼ ਪੁਲਸ, ਰਾਜਸਥਾਨ ਪੁਲਸ, ਚੰਡੀਗੜ੍ਹ ਪੁਲਸ, ਮੱਧ ਪ੍ਰਦੇਸ਼ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ, ਹਰਿਆਣਾ, ਉੱਤਰਾਖੰਡ ਅਤੇ ਯੂ.ਟੀ. ਚੰਡੀਗੜ੍ਹ ਆਦਿ ਰਾਜਾਂ ਦੇ ਮੁੱਖ ਡਰੱਗ ਕੰਟਰੋਲਰਾਂ ਨੇ ਵੀ ਭਾਗ ਲਿਆ।

ਇਹ ਵੀ ਪੜ੍ਹੋ: ਆਦਮਪੁਰ ਹਲਕੇ ਦੀ ਤਸਵੀਰ ਹੋਈ ਸਪੱਸ਼ਟ, CM ਚਰਨਜੀਤ ਸਿੰਘ ਚੰਨੀ ਨਹੀਂ ਲੜਨਗੇ ਚੋਣ

ਮੀਟਿੰਗ ਦੌਰਾਨ, ਸਾਰੇ ਗੁਆਂਢੀ ਰਾਜਾਂ ਅਤੇ ਏਜੰਸੀਆਂ ਨੇ ਨੋਡਲ ਅਫਸਰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਨੋਡਲ ਅਫ਼ਸਰ ਨਸ਼ਿਆਂ ਸਬੰਧੀ ਕਿਸੇ ਵੀ ਜਾਣਕਾਰੀ/ਖ਼ੁਫ਼ੀਆ ਜਾਣਕਾਰੀ ਨੂੰ ਫੌਰੀ ਤੌਰ ’ਤੇ ਸਾਂਝਾ ਕਰਨ ਲਈ ਆਪਣੇ ਮੋਬਾਇਲ ਨੰਬਰ ਆਪਸ ਵਿਚ ਸਾਂਝੇ ਕਰਨਗੇ ਅਤੇ ਇਕ ਵਟਸਐਪ ਗਰੁੱਪ ਵੀ ਬਣਾਉਣਗੇ, ਤਾਂ ਜੋ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਿਨਾਂ ਸਮਾਂ ਗਵਾਇਆਂ ਕਾਬੂ ਕੀਤਾ ਜਾ ਸਕੇ।

ਸਾਰੇ ਨੁਮਾਇੰਦਿਆਂ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਕੇਸਾਂ ਦੇ ਦੋਸ਼ੀ ਭਗੌੜੇ ਅਪਰਾਧੀਆਂ (ਪੀ. ਓ.) ਅਤੇ ਪੈਰੋਲ ਜੰਪਰਾਂ ਦੀ ਸੂਚੀ ਸਾਂਝੀ ਕਰਨ ਅਤੇ ਨਸ਼ਿਆਂ ਦੀ ਸਮੱਗਲਿੰਗ ’ਚ ਸ਼ਾਮਲ ਲੋਕਾਂ ਦੇ ਵੇਰਵੇ ਆਪਸ ਵਿੱਚ ਸਾਂਝੇ ਕਰਨ ਦਾ ਵੀ ਫੈਸਲਾ ਕੀਤਾ। ਐੱਨ. ਸੀ. ਬੀ. ਅਥਾਰਟੀ ਵੱਲੋਂ ਪੰਜਾਬ ਵਿਚ 28 ਟੀਮਾਂ (ਹਰੇਕ ਜ਼ਿਲ੍ਹੇ ਵਿਚ ਇਕ ਟੀਮ) ਪੰਜਾਬ ਪੁਲਸ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤੀ ਜਾਵੇਗੀ, ਤਾਂ ਜੋ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਡੀ. ਜੀ. ਪੀ. ਨੇ ਆਈ. ਜੀ. ਪੀ./ਸੀਮਾ ਸੁਰੱਖਿਆ ਬਲ, ਜਲੰਧਰ, ਪੰਜਾਬ ਫਰੰਟੀਅਰ ਨੂੰ ਅੰਤਰਰਾਸ਼ਟਰੀ ਸਰਹੱਦ ’ਤੇ ਚੌਕਸੀ ਅਤੇ ਗਸ਼ਤ ਤੇਜ ਕਰਨ ਲਈ ਵੀ ਕਿਹਾ। ਉਨ੍ਹਾਂ ਐੱਨ. ਸੀ. ਬੀ. ਨੂੰ ਇਹ ਵੀ ਬੇਨਤੀ ਕੀਤੀ ਕਿ ਦੇਸ਼ ਦੇ ਉੱਤਰੀ ਖੇਤਰ ਵਿਚ ਸਮੱਗਲਿੰਗ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ, ਤਾਂ ਜੋ ਹਰ ਕਿਸਮ ਦੇ ਨਸ਼ਿਆਂ ਦੀ ਸਪਲਾਈ ਦੀ ਨਿਗਰਾਨੀ ਕਰਨ ਤੋਂ ਇਲਾਵਾ ਐਫੇਡਰਾਈਨ ਅਤੇ ਸੂਡੋਫੈਡਰਾਈਨ ਦੀ ਸਪਲਾਈ ਦੀ ਤਿੱਖੀ ਨਜ਼ਰ ਰੱਖੀ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਸੱਤਾ ਦਾ ਸਮਰ: ਇਸ ਵਾਰ ਪੇਂਡੂ ਇਲਾਕਿਆਂ ਤੋਂ ਹੀ ਤੈਅ ਹੋਵੇਗਾ ਸੱਤਾ ਦੇ ਸਿੰਘਾਸਨ ਦਾ ਰਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News