ਸੀਵਰੇਜ ਜਾਮ ਹੋਣ ਕਾਰਨ ਸ਼ਹਿਰ ’ਚ ਮਚੀ ਹਾਹਾਕਾਰ, ਬੀਮਾਰੀਆਂ ਫੈਲਣ ਦਾ ਖਤਰਾ

Sunday, Jun 17, 2018 - 12:56 AM (IST)

ਸੀਵਰੇਜ ਜਾਮ ਹੋਣ ਕਾਰਨ ਸ਼ਹਿਰ ’ਚ ਮਚੀ ਹਾਹਾਕਾਰ, ਬੀਮਾਰੀਆਂ ਫੈਲਣ ਦਾ ਖਤਰਾ

ਫਿਰੋਜ਼ਪੁਰ(ਮਲਹੋਤਰਾ)–ਸ਼ਹਿਰ ਦੇ ਅਨੇਕਾਂ ਹਿੱਸਿਆਂ ’ਚ ਸੀਵਰੇਜ ਬੰਦ ਹੋਣ ਦੀ ਮੁਸ਼ਕਲ ਨਾਲ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਪਰ ਸਬੰਧਤ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਮੀਚ ਕੇ ਬੈਠਾ ਹੋਇਆ ਹੈ ਤੇ ਲੋਕਾਂ ਦੀ ਇਸ ਮੁਸ਼ਕਲ ਵੱਲ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਕਈ ਇਲਾਕਿਆਂ ’ਚ ਮਹਾਮਾਰੀ ਫੈਲ ਸਕਦੀ ਹੈ। ਸ਼ਹਿਰ ਦੇ ਕੁੰਦਨ ਨਗਰ, ਮੱਲਵਾਲ ਰੋਡ, ਕੀਰਤੀ ਨਗਰ, ਮਾਲ ਰੋਡ, ਬਸਤੀ ਬਲੋਚਾਂ ਆਦਿ ਇਲਾਕਿਆਂ ’ਚ ਸੀਵਰੇਜ ਜਾਮ ਹੈ। ਲੋਕ ਵਾਰ-ਵਾਰ ਸੀਵਰੇਜ ਬੋਰਡ ਦੇ ਦਫਤਰ ਦੇ ਚੱਕਰ ਲਾ ਕੇ ਥੱਕ ਚੁੱਕੇ ਹਨ ਪਰ ਅੱਗਿਓਂ ਇਕੋ ਹੀ ਰਟਿਆ ਰਟਾਇਆ ਜਵਾਬ ਮਿਲਦਾ ਹੈ ਕਿ ਸਾਡੀ ਮਸ਼ੀਨ ਖਰਾਬ ਹੈ, ਜਦ ਮਸ਼ੀਨ ਠੀਕ ਹੋਵੇਗੀ ਤਾਂ ਸੀਵਰੇਜ ਠੀਕ ਹੋ ਜਾਵੇਗਾ।
 ਕੀ ਹੈ ਸਥਿਤੀ :  ਕੁੰਦਨ ਨਗਰ ਦੀ ਮੇਨ ਗਲੀ ’ਚ ਪਿਛਲੇ 20 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ’ਚ ਭਰਿਆ ਹੋਇਆ ਹੈ। ਲੋਕ ਘਰਾਂ ’ਚ   ਰਹਿਣ ਨੂੰ ਮਜਬੂਰ ਹੋ ਗਏ ਹਨ। ਸੀਵਰੇਜ ਸਫਾਈ ਲਈ ਅਨੇਕਾਂ ਵਾਰ ਸਬੰਧਤ ਵਿਭਾਗ ਵਿਚ ਸ਼ਿਕਾਇਤ ਦੇਣ ਦੇ ਬਾਵਜੂਦ ਸੁਧਾਰ ਨਹੀਂ ਹੋ ਰਿਹਾ। ਸਭ ਤੋਂ ਵੱਡੀ ਸਮੱਸਿਆ ਸਖਤ ਗਰਮੀ ’ਚ ਗੰਦੇ ਪਾਣੀ ਤੋਂ ਉਠਣ ਵਾਲੀ ਬਦਬੂ ਦੀ ਹੈ, ਜੋ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਗਲੀ ਵਾਸੀਆਂ ਸੁਨੀਲ ਬਜਾਜ, ਮਹਿੰਦਰ ਪਾਲ, ਸੁਖਦੇਵ ਨਰੂਲਾ, ਐੱਸ. ਪੀ. ਵਰਮਾ, ਦਿਨੇਸ਼ ਚਾਵਲਾ ਨੇ ਕਿਹਾ ਕਿ ਜਦ ਵੀ ਸੀਵਰੇਜ ਬੋਰਡ ਦੇ ਦਫਤਰ ਜਾਂਦੇ ਹਾਂ ਤਾਂ ਐੱਸ. ਡੀ. ਓ., ਜੇ. ਈ. ਤੇ ਹੋਰ ਅਧਿਕਾਰੀਆਂ ਤੋਂ ਇਕੋ ਜਵਾਬ ਮਿਲਦਾ ਹੈ ਕਿ ਸਫਾਈ ਕਰਨ ਵਾਲੀ ਮਸ਼ੀਨ ਦੀ ਮੁਰੰਮਤ ਚੱਲ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮਸ਼ੀਨ ’ਚ ਅਜਿਹਾ ਕਿਹਡ਼ਾ ਨੁਕਸ ਹੈ, ਜੋ ਪਿਛਲੇ 20 ਦਿਨਾਂ ਤੋਂ ਠੀਕ ਨਹੀਂ ਹੋ ਰਿਹਾ। ਹਾਲੇ ਤਾਂ ਗਰਮੀ ਦਾ ਸੀਜ਼ਨ ਹੈ ਤੇ ਸ਼ਹਿਰ ’ਚ ਇਕ-ਦੋ ਥਾਵਾਂ ’ਤੇ ਹੀ ਸੀਵਰੇਜ ਦੀ ਸਮੱਸਿਆ ਹੈ,  ਬਾਰਿਸ਼ਾਂ ਦੇ ਸੀਜ਼ਨ ’ਚ ਜਦ ਸਾਰੇ ਸ਼ਹਿਰ ਵਿਚ ਸੀਵਰੇਜ ਜਾਮ ਹੋਵੇਗਾ ਤਾਂ ਉਦੋਂ ਵਿਭਾਗ ਕੀ ਕਰੇਗਾ।  ਉਧਰ ਕੀਰਤੀ ਨਗਰ ਵਾਸੀਆਂ ਪਰਮਜੀਤ ਮੋਂਗਾ, ਕੁਲਦੀਪ ਸਿੰਘ ਮੱਕਡ਼, ਕਮਲ ਸਚਦੇਵਾ ਤੇ ਰਾਜੂ ਵਧਵਾ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ’ਚ ਵੀ ਸੀਵਰੇਜ ਬਲਾਕ ਦੀ ਸਮੱਸਿਆ ਕਾਫੀ ਗੰਭੀਰ ਬਣੀ ਹੋਈ ਹੈ। ਗਲੀ ਵਿਚ ਬਣਾਈਆਂ ਗਈਆਂ ਬਰਸਾਤੀਆਂ ਤੋਂ ਗੰਦਾ ਪਾਣੀ ਓਵਰਫਲੋਅ ਹੋ ਕੇ ਬਾਹਰ ਨਿਕਲ ਆਉਂਦਾ ਹੈ, ਜਿਸ ਦਿਨ ਤੋਂ ਸੀਵਰੇਜ ਜਾਮ ਰਹਿਣ ਲੱਗਾ ਹੈ, ਉਸੇ ਦਿਨ ਹੀ ਵਿਭਾਗ ਦੇ ਰਜਿਸਟਰ ’ਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਕੋਈ ਸੁਧਾਰ ਨਹੀਂ ਹੋਇਆ। ਅਜਿਹੇ ਹੀ ਹਾਲਾਤ ਮੱਲਵਾਲ ਰੋਡ ’ਤੇ ਸਥਿਤ ਕਾਲੋਨੀਆਂ ਬ੍ਰਹਮ ਨਗਰੀ, ਊਧਮ ਸਿੰਘ ਨਗਰ, ਅਮਰ ਨਗਰ ’ਚ ਦੇਖਣ ਨੂੰ ਮਿਲੇ।


Related News