ਆਮ ਖਾਸ ਬਾਗ ਕੋਲ ਟੁੱਟੀ ਸੜਕ ਕਾਰਨ ਰਾਹਗੀਰ ਪ੍ਰੇਸ਼ਾਨ

08/29/2017 6:48:19 AM

ਫ਼ਤਿਹਗੜ੍ਹ ਸਾਹਿਬ(ਜਗਦੇਵ)-ਚੰਡੀਗੜ੍ਹ ਤੇ ਰੋਪੜ ਸ਼ਹਿਰਾਂ ਨੂੰ ਸਰਹਿੰਦ ਨਾਲ ਮਿਲਾਉਂਦੀ ਸੜਕ ਆਮ ਖਾਸ ਬਾਗ ਮੋੜ 'ਤੇ ਪਏ ਖੱਡੇ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਖਾਸ ਬਾਗ ਕੋਲ ਮੇਨ ਸੜਕ ਸੀਵਰੇਜ ਪਾਉਣ ਲਈ ਕੁਝ ਮਹੀਨੇ ਪਹਿਲਾਂ ਤੋੜੀ ਗਈ ਸੀ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਇਸ ਸੜਕ ਉਪਰੋਂ ਚੰਡੀਗੜ੍ਹ ਤੇ ਰੋਪੜ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਤੇ ਕਾਰਾਂ ਆਦਿ ਤੋਂ ਇਲਾਵਾ ਭਾਰੀ ਟਰੱਕ ਵੀ ਗੁਜ਼ਰਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਹ ਖੱਡਾ ਚੁੰਗੀ ਨੰਬਰ ਚਾਰ ਤੋਂ ਜੋਤੀ ਸਰੂਪ ਮੋੜ ਵੱਲ ਜਾਂਦਿਆਂ ਕਰੀਬ ਅੱਧ ਵਿਚਕਾਰ ਆਉਂਦਾ ਤੇ ਸਾਰੇ ਭਾਰੀ ਤੇ ਹਲਕੇ ਵਾਹਨ ਇੱਥੇ ਪਹੁੰਚਣ ਤੱਕ ਕਾਫੀ ਤੇਜ਼ ਹੋ ਜਾਂਦੇ ਹਨ ਤੇ ਇਕ ਦਮ ਇਸ ਖੱਡੇ ਕੋਲ ਪਹੁੰਚਣ 'ਤੇ ਪਤਾ ਨਹੀਂ ਲੱਗਦਾ। ਦੂਸਰਾ ਇਹ ਖੱਡਾ ਸੜਕ ਦੀ ਪੂਰੀ ਚੌੜਾਈ ਤੱਕ ਪੱਟਿਆ ਹੋਇਆ ਹੋਣ ਕਾਰਨ ਹਰੇਕ ਵਾਹਨ ਨੂੰ ਇਸ 'ਚੋਂ ਹੀ ਗੁਜ਼ਰਨਾ ਪੈਂਦਾ ਹੈ। ਕੁਝ ਹੀ ਦਿਨਾਂ 'ਚ ਇਸ ਖੱਡੇ 'ਚੋਂ ਮਿੱਟੀ ਉੱਡ ਜਾਂਦੀ ਹੈ।  ਕਈ ਵਾਰੀ ਤੇਜ਼ ਜਾਂਦੇ ਭਾਰੀ ਟਰੱਕ ਤੇ ਵਾਹਨ ਕਿਸੇ ਖਤਰਨਾਕ ਸਰਕਸ ਦੇ ਸਟੰਟ ਦਾ ਭੁਲੇਖਾ ਪਾਉਂਦੇ ਹਨ। ਗੱਡੀਆਂ ਤੇ ਹੋਰ ਵਾਹਨਾਂ ਦੇ ਟਾਇਰ ਫਟਣਾ ਤੇ ਕਮਾਨੀਆਂ ਟੁੱਟਣਾ ਕਥਿਤ ਤੌਰ 'ਤੇ ਆਮ ਗੱਲ ਹੀ ਬਣਿਆ ਹੋਇਆ ਹੈ। ਇਸ ਸਮੱਸਿਆ ਵੱਲ ਜ਼ਿਲਾ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਦਰਦਨਾਕ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। 


Related News