ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਇਕੋ ਪਰਿਵਾਰ 6 ਜੀਆਂ ਦੀ ਵਿਗੜੀ ਹਾਲਤ
Tuesday, Sep 20, 2022 - 01:44 AM (IST)
ਮਲੋਟ (ਜੁਨੇਜਾ)-ਅੱਜ ਮਲੋਟ ਦੇ ਰਵਿਦਾਸ ਨਗਰ ’ਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਪਰਿਵਾਰ ਦੇ 6 ਮੈਂਬਰਾਂ ਦੀ ਕਿਸੇ ਜ਼ਹਿਰੀਲੀ ਵਸਤੂ ਨਿਗਲਣ ਨਾਲ ਹਾਲਤ ਵਿਗੜ ਗਈ। ਇਨ੍ਹਾਂ ’ਚ ਇਕ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਨੂੰ ਬਾਅਦ ’ਚ ਰਿਸ਼ਤੇਦਾਰਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮਦਨ ਲਾਲ (45) ਪੁੱਤਰ ਚੰਦਰ ਭਾਨ, ਉਸ ਦੀ ਪਤਨੀ ਨੀਲਮ ਰਾਣੀ (40) ਅਤੇ ਚਾਰ ਪੁੱਤਰੀਆਂ ਕੋਮਲ ਰਾਣੀ (18), ਮਮਤਾ ਰਾਣੀ (14), ਮਹਿਕ ਰਾਣੀ (12) ਅਤੇ ਖੁਸ਼ੀ (8) ਦੀ ਕਿਸੇ ਜ਼ਹਿਰੀਲੀ ਵਸਤੂ ਖਾਣ ਨਾਲ ਹਾਲਤ ਵਿਗੜ ਗਈ ਅਤੇ ਸਾਰੇ ਬੇਹੋਸ਼ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 30 ਸਤੰਬਰ ਨੂੰ ਪੰਜਾਬ ’ਚ ਕਰੇਗਾ ਚੱਕਾ ਜਾਮ
ਉਧਰ ਸਿਵਲ ਹਸਪਤਾਲ ਦੇ ਡਾ. ਵਿਕਾਸ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਦਾਖ਼ਲ ਕਰਵਾਉਣ ਆਏ ਵਿਅਕਤੀਆਂ ਕੋਲ ਕਿਸੇ ਕੀਟਨਾਸ਼ਕ ਗੋਲੀਆਂ ਦੀ ਸ਼ੀਸ਼ੀ ਸੀ, ਜਿਸ ਕਰ ਕੇ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਪਰਿਵਾਰ ਦੇ ਮੈਂਬਰਾਂ ਨੇ ਇਹ ਗੋਲੀਆਂ ਖਾਧੀਆਂ ਹੋ ਸਕਦੀਆਂ ਹਨ। ਡਾ. ਵਿਕਾਸ ਨੇ ਦੱਸਿਆ ਕਿ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਜ਼ਹਿਰ ਦਾ ਖੂਨ ਵਿਚ ਅਗਲੇ 72 ਘੰਟਿਆਂ ’ਚ ਅਸਰ ਹੋ ਸਕਦਾ ਹੈ, ਜਿਸ ਕਰਕੇ ਇਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਚੈੱਕਅਪ ਲਈ ਭੇਜ ਦਿੱਤਾ ਹੈ। ਉਧਰ ਮਲੋਟ ਸਿਟੀ ਦੇ ਐੱਸ. ਐੱਚ .ਓ. ਵਰੁਣ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਪਰ ਉਹ ਜਾਂਚ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ’ਤੇ ਸੁਖਬੀਰ ਬਾਦਲ ਨੇ ਘੇਰੇ CM ਮਾਨ, ਕਿਹਾ-ਵਿਸ਼ਵਾਸ ਮਤੇ ਦਾ ਨਾ ਕਰੋ ਡਰਾਮਾ