ਚੁਣੌਤੀਆਂ ਦੇ ਬਾਵਜੂਦ ਕਣਕ ਦੀ ਖਰੀਦ ਲਗਭਗ ਸਿਰੇ ਚੜ੍ਹੀ
Tuesday, May 26, 2020 - 08:48 PM (IST)
ਲੁਧਿਆਣਾ, (ਸਰਬਜੀਤ ਸਿੱਧੂ)- ਕੋਵਿਡ-19 ਦੇ ਫੈਲਣ ਅਤੇ ਦੇਸ਼ ਭਰ ਵਿਚ ਲਾਕਡਾਊਨ ਕਾਰਣ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਸਰਕਾਰੀ ਏਜੰਸੀਆਂ ਵਲੋਂ ਕਣਕ ਦੀ ਖਰੀਦ ਲਗਭਗ 341.56 ਲੱਖ ਮੀਟ੍ਰਿਕ ਟਨ ਤੋਂ ਵੱਧ ਹੋ ਗਈ ਹੈ। ਕਣਕ ਦੀ ਕਟਾਈ ਆਮ ਤੌਰ ’ਤੇ ਮਾਰਚ ਦੇ ਅਖੀਰ ਤੱਕ ਸ਼ੁਰੂ ਹੁੰਦੀ ਹੈ ਅਤੇ ਖਰੀਦ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ। ਬਹੁਤੇ ਰਾਜਾਂ ਵਿਚ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ। ਹਰਿਆਣਾ ਨੇ 20 ਅਪ੍ਰੈਲ ਨੂੰ ਥੋੜ੍ਹੀ ਦੇਰ ਨਾਲ ਸ਼ੁਰੂਆਤ ਕੀਤੀ। ਖਰੀਦ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿੱਜੀ ਖਰੀਦ ਕੇਂਦਰਾਂ ’ਤੇ ਕਿਸਾਨਾਂ ਦੀ ਆਮਦ ਨੂੰ ਘੱਟ ਕਰਨ ਲਈ ਖਰੀਦ ਕੇਂਦਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਸੀ। ਨਵੇਂ ਸੈਂਟਰ ਸਥਾਪਿਤ ਕੀਤੇ ਗਏ ਅਤੇ ਪੰਜਾਬ ਵਰਗੇ ਵੱਡੇ ਖਰੀਦ ਰਾਜਾਂ ਵਿਚ ਇਹ ਗਿਣਤੀ 1836 ਤੋਂ 3681, ਹਰਿਆਣਾ ਵਿਚ 599 ਤੋਂ 1800 ਅਤੇ ਮੱਧ ਪ੍ਰਦੇਸ਼ ਵਿਚ 3545 ਤੋਂ 4494 ਹੋ ਗਈ।
ਵਾਇਰਸ ਦੇ ਫੈਲਣ ਦੇ ਖਤਰੇ ਤੋਂ ਇਲਾਵਾ ਕਣਕ ਦੀ ਖਰੀਦ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਸਾਰੀਆਂ ਜੂਟ ਮਿੱਲਾਂ ਬੰਦ ਹੋ ਗਈਆਂ ਸਨ, ਖਰੀਦ ਕੀਤੀ ਕਣਕ ਦੀ ਭਰਾਈ ਲਈ ਵਰਤੇ ਜਾਂਦੇ ਜੂਟ ਦੀ ਬੋਰੀਆਂ ਦਾ ਉਤਪਾਦਨ ਰੁਕ ਗਿਆ, ਜਿਸ ਨਾਲ ਵੱਡਾ ਸੰਕਟ ਪੈਦਾ ਹੋਇਆ। ਸਾਰੇ ਪ੍ਰਮੁੱਖ ਉਤਪਾਦਕ ਰਾਜਾਂ ਵਿਚ ਬੇਮੌਸਮੀ ਮੀਂਹ ਕਣਕ ਦੀ ਵਾਢੀ ਅਤੇ ਮੰਡੀਕਰਨ ਵਿਚ ਵਿਘਨ ਦਾ ਇਕ ਵੱਡਾ ਕਾਰਣ ਰਿਹਾ। ਇਸ ਨਾਲ ਬਹੁਤੇ ਕਿਸਾਨਾਂ ਦੀ ਕਣਕ ਖੇਤਾਂ ਅਤੇ ਮੰਡੀਆਂ ਵਿਚ ਰੁਲੀ ਨਾਲੇ ਨਮੀ ਹੋਣ ਕਰ ਕੇ ਕਣਕ ਦਾ ਘੱਟ ਮੁੱਲ ਮਿਲਿਆ। ਇਸ ਸਾਲ ਦੇ ਕਣਕ ਮੰਡੀਕਰਨ ਸਬੰਧੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਲਗਾਤਾਰ ਪੈਂਦੇ ਮੀਂਹ ਨੇ ਮੁਸ਼ਕਲਾਂ ਵਿਚ ਬਹੁਤ ਵਾਧਾ ਕੀਤਾ। ਘਰਾਂ ਵਿਚ ਕਣਕ ਭੰਡਾਰਨ ਕਰਨ ਦੀ ਸਮੱਸਿਆ ਪੈਦਾ ਹੋਈ। ਪਾਸ ਸਿਸਟਮ ਕਾਰਗਰ ਸਿੱਧ ਨਹੀਂ ਹੋਇਆ ਅਤੇ ਮੰਡੀਆਂ ਵਿਚ ਕਣਕ ਦੀਆਂ ਢੇਰੀਆਂ ਲਈ ਬਣਾਏ ਖਾਨੇ ਮਜ਼ਾਕ ਬਣ ਕੇ ਰਹਿ ਗਏ।