ਪਾਬੰਦੀਆਂ ਦੇ ਬਾਵਜੂਦ ਪਟਿਆਲਵੀਆਂ ਨੇ ਕਲੱਬਾਂ ਅਤੇ ਹੋਟਲਾਂ ’ਚ ਮਨਾਇਆ ਨਵੇਂ ਸਾਲ ਦਾ ਜਸ਼ਨ

Friday, Jan 01, 2021 - 12:32 AM (IST)

ਪਾਬੰਦੀਆਂ ਦੇ ਬਾਵਜੂਦ ਪਟਿਆਲਵੀਆਂ ਨੇ ਕਲੱਬਾਂ ਅਤੇ ਹੋਟਲਾਂ ’ਚ ਮਨਾਇਆ ਨਵੇਂ ਸਾਲ ਦਾ ਜਸ਼ਨ

ਪਟਿਆਲਾ, (ਬਲਜਿੰਦਰ, ਰਾਣਾ)- ਕੋਰੋਨਾ ਕਾਰਣ ਲਾਈਆਂ ਪਾਬੰਦੀਆਂ ਦੇ ਬਾਵਜੂਦ ਪਟਿਆਲੀਆਂ ਨੇ ਨਵੇਂ ਸਾਲ ਦੀ ਆਮਦ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। 31 ਦਸੰਬਰ ਦੀ ਰਾਤ ਨੂੰ ਪਟਿਆਲਵੀ ਕਲੱਬਾਂ ਅਤੇ ਹੋਟਲਾਂ ’ਚ ਆਯੋਜਿਤ ਸਮਾਗਮਾਂ ’ਚ ਖੁੱਲ੍ਹ ਕੇ ਨੱਚੇ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ। ਹਾਲਾਂਕਿ ਹੋਟਲਾਂ ਅਤੇ ਕਲੱਬਾਂ ਦਾ ਸਮਾਂ 10 ਵਜੇ ਤੱਕ ਕਰ ਦਿੱਤਾ ਸੀ। ਇਸ ਦੇ ਬਾਵਜੂਦ ਲਗਭਗ ਦੇਰ ਰਾਤ ਤੱਕ ਸਮਾਗਮ ਚੱਲਦੇ ਰਹੇ ਅਤੇ ਲੋਕਾਂ ਨੇ ਜਸ਼ਨ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਹਾਲਾਂਕਿ ਪਹਿਲਾਂ ਵਾਂਗ ਤਾਂ ਨਹੀਂ ਪਰ ਰਾਤ ਦੇ 12 ਵਜੇ ਕਈ ਥਾਵਾਂ ’ਤੇ ਅਤਿਸ਼ਬਾਜ਼ੀ ਦੇ ਦ੍ਰਿਸ਼ ਦੇਖਣ ਨੂੰ ਮਿਲੇ।

ਪਟਿਆਲਾ ’ਚ ਨਵੇਂ ਸਾਲ ਦੇ ਸਵਾਗਤ ਅਤੇ ਸਾਲ-2020 ਨੂੰ ਅਲਵਿਦਾ ਆਖਣ ਲਈ ਸ਼ਹਿਰ ਦੇ ਕਈ ਹੋਟਲਾਂ ਅਤੇ ਕਲੱਬਾਂ ’ਚ ਸਮਾਹੋਰਾਂ ਦਾ ਆਯੋਜਨ ਕੀਤਾ ਗਿਆ। ਪਟਿਆਲਵੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਜਸ਼ਨ ਵੀ ਮਨਾਏ। ਨਵੇਂ ਸਾਲ ਮੌਕੇ ਸ਼ਾਮ ਤੋਂ ਹੀ ਬਜ਼ਾਰਾਂ ਅਤੇ ਹੋਟਲਾਂ ’ਚ ਰੌਂਣਕ ਸ਼ੁਰੂ ਹੋ ਗਈ ਸੀ। ਜਿਉਂ-ਜਿਉਂ ਰਾਤ ਹੁੰਦੀ ਗਈ ਤਾਂ ਜਸ਼ਨ ਦਾ ਜੋਸ਼ ਸ਼ਿਖਰਾਂ ’ਤੇ ਚਡ਼੍ਹਦਾ ਗਿਆ। ਕਿਤੇ ਕਲਾਕਰਾਂ ਦੇ ਅਖਾਡ਼ੇ ਅਤੇ ਕਿਤੇ ਡੀ. ਜੇ. ਦੀਆਂ ਧੁੰਨਾਂ ਸੁਣ ਰਹੀਆਂ ਹਨ। ਨਵੇਂ ਸਾਲ ਮੌਕੇ ਖਾਸ ਤੌਰ ’ਤੇ ਨੌਜਵਾਨਾਂ ਨੇ ਡੀ. ਜੇ. ’ਤੇ ਥਿਰਕ ਕੇ ਜਸ਼ਨ ਮਨਾਏ। ਲੋਕਾਂ ਨੇ ਮੁਹੱਲਿਆਂ ’ਚ ਵੀ ਛੋਟੇ-ਛੋਟੇ ਪ੍ਰੋਗਰਾਮ ਆਯੋਜਿਤ ਕੀਤੇ ਹੋਏ ਸਨ, ਜਿੱਥੇ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਨਵੇਂ ਸਾਲ ਦੇ ਜ਼ਸਨ ਮਨਾਏ।

ਨਵੇਂ ਸਾਲ ਮੌਕੇ ਸ਼ਰਾਰਤੀ ਅਨਸਰਾਂ ਨੂੰ ਹੁੱਲੜਬਾਜ਼ੀ ਕਰਨ ਪੁਲਸ ਨੇ ਕਿਤੇ ਵੀ ਮੌਕਾ ਨਹੀਂ ਦਿੱੱਤਾ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਵੱਲੋਂ ਜਾਰੀ ਹਦਾਇਤਾਂ ’ਤੇ ਐੱਸ. ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਵੱਲੋਂ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਚੌਕਾਂ ’ਚ ਵਿਸ਼ੇਸ਼ ਤੌਰ ’ਤੇ ਪੁਲਸ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਿਥੇ ਵੀ ਨਵੇਂ ਸਾਲ ’ਤੇ ਸਮਾਹੋਰਾਂ ਦਾ ਆਯੋਜਨ ਕੀਤਾ ਗਿਆ, ਉਥੇ ਵੀ ਪੁਲਸ ਤਾਇਨਾਤ ਸੀ। ਇਸ ਤੋਂ ਇਲਾਵਾ ਸ਼ਹਿਰ ’ਚ ਪੀ. ਸੀ. ਆਰ. ਅਤੇ ਨਾਈਟ ਪੈਟਰੋਲਿੰਗ ਫੋਰਸ ਵੀ ਮੌਜੂਦ ਰਹੀ। 10 ਵਜਦੇ ਹੀ ਪੁਲਸ ਨੇ ਸ਼ਖਤੀ ਸ਼ੁਰੂ ਕਰ ਦਿੱਤੀ ਅਤੇ ਸਡ਼ਕਾਂ ’ਤੇ ਖਾਸ ਤੌਰ ’ਤੇ ਹੁੱਲਡ਼ਬਾਜ਼ਾਂ ਨੂੰ ਕੋਈ ਵੀ ਹਰਕਤ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।

ਕਈਆਂ ਨੂੰ ਪਿਆ ਨਵਾਂ ਸਾਲ ਮਹਿੰਗਾ!

ਟਰੈਫਿਕ ਪੁਲਸ ਵੱਲੋਂ ਨਵੇਂ ਸਾਲ ਮੌਕੇ ਸ਼ਰਾਬ ਪੀ ਕੇ ਹੁੱਲਡ਼ਬਾਜ਼ੀ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਤੌਰ ’ਤੇ ਸਿਕੰਜਾ ਕੱਸਿਆ ਗਿਆ। ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾ ’ਤੇ ਥਾਂ-ਥਾਂ ਨਾਕਬੰਦੀ ਕਰ ਕੇ ਟਰੈਫਿਕ ਪੁਲਸ ਵੱਲੋਂ ਅਲਕੋਮੀਟਰ ਨਾਲ ਚੈਕਿੰਗ ਵੀ ਕੀਤੀ ਗਈ। ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਅਤੇ ਜਨਤਕ ਥਾਵਾਂ ’ਤੇ ਹੁਲਡ਼ਬਾਜ਼ੀ ਕਰਨ ਵਾਲਿਆਂ ਦੇ ਤਕਰੀਬਨ 2 ਦਰਜਨ ਵਿਅਕਤੀਆਂ ਦੇ ਚਲਾਨ ਕੱਟੇ ਗਏ। ਟਰੈਫਿਕ ਪੁਲਸ ਵੱਲੋਂ ਭੀਡ਼ ਵਾਲੀਆਂ ਥਾਵਾਂ ’ਤੇ ਟਰੈਫਿਕ ਵਿਵਸਥਾ ਕੰਟਰੋਲ ਕਰ ਰਹੀ ਸੀ।

ਕੋਵਿਡ ਦਾ ਵੀ ਦਿਖਾਈ ਦਿੱਤਾ ਅਸਰ

ਨਵੇਂ ਸਾਲ ਦੀ ਆਮਦ ’ਤੇ ਸਮਾਗਮਾਂ ’ਚ ਕੋਵਿਡ ਦਾ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ। ਜ਼ਿਆਦਾਤਰ ਸਮਾਗਮਾਂ ’ਚ ਇਸ ਵਾਰ ਪਰਿਵਾਰ ਸਮੇਤ ਪਹੁੰਚਣ ਵਾਲਿਆਂ ਦੀ ਗਿਣਤੀ ਆਮ ਨਾਲੋਂ ਘੱਟ ਸੀ। ਦੂਜਾ ਸ਼ਹਿਰ ਦੇ ਵੱਕਾਰੀ ਜਿਮਖਾਨਾ ਕਲੱਬ ਦੀ ਚੋਣ ਕਾਰਣ ਉਥੇ ਵੀ ਜਸ਼ਨ ਲਈ ਕੋਈ ਵੀ ਸਮਾਗਮ ਨਹੀਂ ਕੀਤਾ ਗਿਆ। ਅਕਸਰ ਨਵੇਂ ਸਾਲ ਦੀ ਆਮਦ ’ਤੇ ਜਿਮਖਾਨਾ ਕਲੱਬ ’ਚ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਸੀ।


author

Bharat Thapa

Content Editor

Related News