ਡੇਰਾ ਮੁਖੀ ਦੀ ਪੇਸ਼ੀ ਦੇ ਚਲਦਿਆਂ, ਵਿਆਹ ਦੀਆਂ ਤਿਆਰੀਆਂ ਲਈ ਲੈਣੀ ਪਵੇਗੀ ਡੀ. ਸੀ. ਤੋਂ ਮਨਜ਼ੂਰੀ
Thursday, Aug 24, 2017 - 02:02 PM (IST)
ਮੁਕਤਸਰ (ਤਰਸੇਮ ਢੁੱਡੀ) — ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ ਡੇਰਾ ਸਿਰਸਾ ਮੁਖੀ ਦੀ ਪੇਸ਼ੀ ਦੇ ਚਲਦਿਆਂ 25 ਅਗਸਤ ਨੂੰ ਜਿਨ੍ਹਾਂ ਦੇ ਵਿਆਹ ਦੀਆਂ ਤਾਰੀਕਾਂ ਤੈਅ ਹਨ, ਉਨ੍ਹਾਂ ਨੂੰ ਡੀ. ਸੀ. ਤੋਂ ਮਨਜ਼ੂਰੀ ਲੈਣੀ ਪੈ ਰਹੀ ਹੈ। ਅਜਿਹਾ ਇਕ ਮਾਮਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਖੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਹੈ। ਇਸ ਦੇ ਚਲਦਿਆਂ ਪੰਜਾਬ ਤੇ ਹਰਿਆਣਾ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੜਕਾਂ ਤੇ ਪੁਲਸ ਦੇ ਨਾਕਿਆਂ ਤੇ ਪੁਲਸ ਦੀ ਗਸ਼ਤ ਦੇ ਚਲਦਿਆਂ ਹੁਣ ਜੋ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਉਹ 25 ਤਾਰੀਕ ਨੂੰ ਹੋਣ ਵਾਲੇ ਵਿਆਹਾਂ ਦਾ ਹੈ। ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਹਿਲਾਂ ਹੀ ਵਿਆਹ ਦੀ ਤਾਰੀਕ ਤੈਅ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ 25 ਤਾਰੀਕ ਨੂੰ ਅਲਰਟ ਕਾਰਨ ਚੰਗੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਅਸਲ 'ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਕੋਠੇ ਸੁਰਗਾਪੁਰੀ ਦੇ ਵਾਸੀ ਜਰਨੈਲ ਸਿੰਘ ਦੇ ਦੋ ਪੁੱਤਰਾਂ ਅਮ੍ਰਿਤਪਾਲ ਸਿੰਘ, ਸੁਖਵੀਰ ਸਿੰਘ ਦਾ ਵਿਆਹ ਪਿਡੰ ਸੱਪਾਵਾਲੀ (ਅਬੋਹਰ) ਵਿਖੇ 25 ਅਗਸਤ ਨੂੰ ਹੈ। ਵਿਆਹ ਸੰਬੰਧੀ ਬਰਾਤ ਲਈ ਜਦ ਕਾਰਾਂ ਦੀ ਬੁਕਿੰਗ ਕਰਵਾਉਣੀ ਚਾਹੀ ਤਾਂ ਉਨ੍ਹਾਂ ਇਸ ਸੰਬੰਧੀ ਕਮਿਸ਼ਨਰ ਦੀ ਮਨਜ਼ੂਰੀ ਨੂੰ ਜ਼ਰੂਰੀ ਦੱਸਿਆ। ਜਰਨੈਲ ਸਿੰਘ ਮਾਮਲੇ 'ਚ ਲਿਖਤੀ ਅਰਜ਼ੀ ਲੈ ਕੇ ਡਿਪਟੀ ਕਮਿਸ਼ਨਰ ਕੋਲ ਗਿਆ ਤੇ ਮਨਜ਼ੂਰੀ ਮਿਲਣ ਮਗਰੋਂ ਹੀ ਕਾਰਾਂ ਦੀ ਬੁਕਿੰਗ ਹੋ ਸਕੀ।
ਉਥੇ ਹੀ ਵਿਆਹ ਵਾਲੇ ਲੜਕੇ ਅਮ੍ਰਿਤਪਾਲ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਨਜੂਰੀ ਲੈਣ ਲਈ ਇਕ ਦਿਨ ਪੂਰਾ ਇਸੇ ਤਰ੍ਹਾਂ ਚੱਕਰਾਂ 'ਚ ਲੰਘ ਗਿਆ ਤੇ ਫਿਰ ਮਨਜ਼ੂਰੀ ਮਿਲੀ ਹੈ। ਜੇਕਰ ਮਨਜ਼ੂਰੀ ਨਾ ਮਿਲਦੀ ਤਾਂ ਪੈਸੇ ਖਰਾਬ ਜਾਣੇ ਸਨ ਤੇ ਵਿਆਹ ਦੀ ਤਾਰੀਕ ਵੀ ਅੱਗੇ ਕਰਨੀ ਪੈਂਦੀ ਜਿਸ ਕਾਰਨ ਪਹਿਲਾਂ ਚਲ ਰਹੀਆਂ ਸਾਰੀਆਂ ਤਿਆਰੀਆਂ 'ਤੇ ਹੋਇਆ ਸਾਰੇ ਖਰਚ ਦਾ ਪੈਸਾ ਬਰਬਾਦ ਹੋ ਜਾਣਾ ਸੀ।
