ਜਲੰਧਰ : ਡੇਰਾ ਸੱਚਖੰਡ ਬੱਲਾਂ ਨੇ ਹਜ਼ਾਰਾਂ ਲੋੜਵੰਦਾਂ ਨੂੰ ਭੇਜਿਆ ਲੰਗਰ, ਸਰਕਾਰ ਅੱਗੇ ਰੱਖੀ ਖਾਸ ਪੇਸ਼ਕਸ਼
Friday, Mar 27, 2020 - 07:25 PM (IST)
ਜਲੰਧਰ,(ਸੋਮਨਾਥ) : ਕੋਰੋਨਾਵਾਇਰਸ ਨੇ ਦੁਨੀਆ ਦੇ 198 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਜਿਨ੍ਹਾਂ 'ਚ ਹੁਣ ਭਾਰਤ ਵੀ ਸ਼ਾਮਲ ਹੈ। ਇਸ ਦੌਰਾਨ ਕੋਰੋਨਾਵਾਇਰਸ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰ ਵਲੋਂ 3 ਹਫਤੇ ਲਈ ਲਾਕਡਾਊਨ ਕੀਤਾ ਗਿਆ ਹੈ, ਜਿਸ ਕਾਰਣ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਵਿਚਾਲੇ ਡੇਰਾ ਸੱਚਖੰਡ ਬੱਲਾਂ ਵਲੋਂ ਝੁੱਗੀਆਂ-ਝੌਪੜੀਆਂ, ਇੱਟਾਂ ਦੇ ਭੱਠੇ ਅਤੇ ਜਿਥੇ ਕੋਈ ਰਾਹਤ ਨਹੀਂ ਪਹੁੰਚ ਰਹੀ ਹੈ ਸਮੇਤ ਹੋਰ ਥਾਵਾਂ 'ਤੇ 3000 ਜ਼ਰੂਰਤਮੰਦਾਂ ਲਈ ਲੰਗਰ ਭੇਜਿਆ ਗਿਆ। ਇਸ ਦੇ ਨਾਲ ਹੀ ਡੇਰਾ ਬੱਲਾਂ 'ਚ ਜ਼ਰੂਰਤਮੰਦਾਂ ਲਈ ਨਿਰੰਤਰ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ।
ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਾਸੀ, ਜਿਸ ਦਾ ਹੈਡ ਆਫਿਸ ਡੇਰਾ ਬੱਲਾਂ ਹੈ, ਦੇ ਜਨਰਲ ਸੈਕ੍ਰੇਟਰੀ ਐਡਵੋਕੇਟ ਸਤਪਾਲ ਵਿਰਦੀ ਨੇ ਦੱਸਿਆ ਕਿ ਡੇਰਾ 108 ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਜੋ ਕਿ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਅਰਦਾਸ ਦੇ ਉਪਰੰਤ ਜ਼ਰੂਰਤਮੰਦਾਂ ਲਈ ਲੰਗਰ ਦੀਆਂ ਗੱਡੀਆਂ ਰਵਾਨਾ ਕੀਤੀਆਂ। ਇਸ ਦੇ ਨਾਲ ਡੇਰਾ ਬੱਲਾਂ ਵਲੋਂ ਲੋਕਾਂ ਦੀ ਸੁੱਖ-ਸ਼ਾਂਤੀ ਲਈ ਲਗਾਤਾਰ ਅੰਮ੍ਰਿਤਬਾਣੀ ਦੇ ਪਾਠ ਵੀ ਸ਼ੁਰੂ ਕੀਤੇ ਗਏ ਹਨ।
ਸਰਕਾਰ ਅੱਗੇ ਰੱਖੀ ਇਹ ਖਾਸ ਪੇਸ਼ਕਸ਼
ਡੇਰਾ ਸੱਚਖੰਡ ਬੱਲਾਂ ਵਲੋਂ ਜਿਥੇ ਹਜ਼ਾਰਾਂ ਲੋੜਵੰਦਾਂ ਨੂੰ ਲੰਗਰ ਭੇਜਿਆ ਗਿਆ, ਉਥੇ ਹੀ ਡੇਰਾ ਬੱਲਾਂ ਵਲੋਂ ਸਰਕਾਰ ਨੂੰ 180 ਬੈਡ ਵਾਲੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਨੂੰ ਜ਼ਰੂਰਤ ਪੈਣ 'ਤੇ ਆਈਸੋਲੇਟਡ ਵਾਰਡ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਡੇਰੇ ਵਲੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਰਾਹਤ ਕੋਸ਼ 'ਚ ਵੀ ਲੱਖਾਂ ਰੁਪਏ ਦੀ ਮਦਦ ਭੇਜੀ ਜਾ ਰਹੀ ਹੈ।