ਕਤਲ ਕੀਤੇ ਗਏ ਡੇਰਾ ਪ੍ਰੇਮੀ ਦੇ ਭਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
Thursday, Nov 10, 2022 - 01:12 PM (IST)
ਕੋਟਕਪੂਰਾ (ਵੈੱਬ ਡੈਸਕ, ਜਗਤਾਰ) : ਕੋਟਕਪੂਰਾ ਵਿਖੇ ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਪਰਦੀਪ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਚੱਲਾ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਡੇਰਾ ਪ੍ਰੇਮੀ ਪਰਦੀਪ ਦੇ ਭਰਾ ਨੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਪਰਦੀਪ ਨੇ ਜਦੋਂ ਅੱਜ ਸਵੇਰੇ ਦੁਕਾਨ ਖੋਲ੍ਹੀ ਤਾਂ ਇਸ ਦੌਰਾਨ 3 ਅਣਪਛਾਤੇ ਵਿਅਕਤੀਆਂ ਨੇ ਦੁਕਾਨ ਅੰਦਰ ਵੜ੍ਹ ਕੇ ਪਰਦੀਪ 'ਤੇ ਫਾਇਰਿੰਗ ਕਰ ਦਿੱਤੀ। ਬੇਅਦਬੀ ਮਾਮਲੇ 'ਚ ਨਾਮਜ਼ਦ ਹੋਣ ਕਾਰਨ ਪਰਦੀਪ ਨੂੰ ਸੁਰੱਖਿਆ ਦਿੱਤੀ ਗਈ ਸੀ ਪਰ ਅੱਜ ਪਰਦੀਪ ਨਾਲ ਸਿਰਫ਼ ਇਕ ਸੁਰੱਖਿਆ ਕਰਮੀ ਸੀ ਜਦਕਿ ਬਾਕੀ 2 ਕਰਮੀ ਛੁੱਟੀ 'ਤੇ ਸਨ। ਉਸ ਨੇ ਦੱਸਿਆ ਕਿ ਪਰਦੀਪ ਦੇ ਨਾਲ ਹੋਣ ਦੇ ਬਾਵਜੂਦ ਵੀ ਸੁਰੱਖਿਆ ਕਰਮੀ ਨੇ ਗੋਲ਼ੀਬਾਰੀ ਦੌਰਾਨ ਕੋਈ ਜਵਾਬੀ ਫਾਇਰ ਨਹੀਂ ਕੀਤਾ ਸਗੋਂ ਉਸ ਦੇ ਗੋਲ਼ੀ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਡੇਰਾ ਪ੍ਰੇਮੀ ਦੇ ਕਤਲ ਮਗਰੋਂ ਐਕਸ਼ਨ 'ਚ ਮਾਨ ਸਰਕਾਰ, DGP ਤੇ ਸੀਨੀਅਰ ਅਫ਼ਸਰਾਂ ਦੀ ਸੱਦੀ ਮੀਟਿੰਗ
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਵੈਸੇ ਉਸਦਾ ਤਾਇਆ ਇਹ ਦੁਕਾਨ ਖੋਲ੍ਹਦਾ ਸੀ ਪਰ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਪਰਦੀਪ ਦੁਕਾਨ 'ਤੇ ਬੈਠਦਾ ਸੀ। ਉਸ ਨੇ ਕਿਹਾ ਕਿ ਮੇਰੇ ਭਰਾ ਨੂੰ ਬੇਅਦਬੀ ਦੇ ਝੂਠੇ ਕੇਸ 'ਚ ਫਸਾਇਆ ਗਿਆ ਹੈ। ਜੇਕਰ ਮਾਮਲਾ ਸਹੀ ਹੁੰਦਾ ਤਾਂ ਪੁਲਸ ਦੇ ਹੱਥ ਹੁਣ ਤੱਕ ਪਰਦੀਪ ਦੇ ਖ਼ਿਲਾਫ਼ ਠੋਸ ਸਬੂਤ ਹੋਣੇ ਸੀ ਪਰ ਪੁਲਸ ਦੇ ਹੱਥ ਖਾਲੀ ਹਨ। ਉਸ ਨੇ ਕਿਹਾ ਕਿ ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ ਚੱਲ ਰਿਹਾ ਹੈ ਤੇ ਜੇਕਰ ਗੋਲਡੀ ਬਰਾੜ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਪਰਦੀਪ ਨਾਲ ਤਾਂ ਕੋਈ ਸਬੰਧ ਹੀ ਨਹੀਂ ,ਜਿਸ ਕਾਰਨ ਉਹ ਉਸ ਨੂੰ ਕਤਲ ਕਰੇਗਾ। ਉਸ ਨੇ ਕਿਹਾ ਕਿ ਇਕ-ਦੂਜੇ ਨੂੰ ਭੜਕਾ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਮ੍ਰਿਤਕ ਪਰਦੀਪ ਦੇ ਭਰਾ ਨੇ ਕਿਹਾ ਕਿ ਸਰਕਾਰ ਤੋਂ ਤਾਂ ਬਸ ਇਨਸਾਫ਼ ਦੀ ਮੰਗ ਹੀ ਕੀਤੀ ਜਾ ਸਕਦੀ ਹੈ ਪਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ। ਫਿਲਹਾਲ ਪਰਿਵਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ ਅਤੇ ਬਾਕੀ ਸਭ ਕੁਝ ਬਾਅਦ ਵਿੱਚ ਦੇਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਕੋਟਕਪੂਰਾ ਵਿਖੇ ਬਰਗਾੜੀ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮ੍ਰਿਤਕ ਪਰਦੀਪ ਬਰਗਾੜੀ ਬੇਅਦਬੀ ਮਾਮਲੇ 'ਚ ਐੱਫ. ਆਈ. ਆਰ. ਨੰਬਰ 63 'ਚ ਨਾਮਜ਼ਦ ਸੀ। ਇਸ ਘਟਨਾ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਸਖ਼ਤੀ ਦਿਖਾਈ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਨੇ ਪੰਜਾਬ ਡੀ.ਜੀ.ਪੀ. ਅਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।