ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭੜਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ
Wednesday, May 26, 2021 - 06:00 PM (IST)
.ਫਰੀਦਕੋਟ (ਜਗਦੀਸ਼): ਬੀਤੇ ਕੱਲ ਐੱਸ.ਆਈ.ਟੀ. ਵੱਲੋਂ ਅਦਾਲਤ ਵਿਚ ਡੇਰਾ ਪ੍ਰੇਮੀ ਰਣਜੀਤ ਸਿੰਘ ਉਰਫ ਭੋਲਾ ਅਤੇ ਸ਼ਕਤੀ ਸਿੰਘ ਨੂੰ ਪੇਸ਼ ਕਰਨ ਉਪਰੰਤ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲਏ ਦੋਵਾਂ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਦੌਰਾਨ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ। ਡੇਰਾ ਪ੍ਰੇਮੀਆਂ ਨੇ ਭਡ਼ਕਾਊ ਪੋਸਟਰ ਲਾਉਣ ਲਈ ਖਰੀਦੀ ਸਮੱਗਰੀ, ਲਿਖਣ ਅਤੇ ਲਾਉਣ ਬਾਰੇ ਸਭ ਕੁਝ ਪ੍ਰਵਾਨ ਕੀਤਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਬਰਗਾਡ਼ੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੱਥ ਲਿਖਤ ਭਡ਼ਕਾਊ ਪੋਸਟਰ ਲਾਉਣ ਦੇ ਸਬੰਧ ’ਚ ਥਾਣਾ ਬਾਜਾਖਾਨਾ ਵਿਖੇ 25 ਸਤੰਬਰ 2015 ਨੂੰ ਐੱਫ.ਆਈ.ਆਰ. ਨੰਬਰ 117 ਦਰਜ ਹੋਈ ਸੀ। ਐੱਸ.ਆਈ.ਟੀ. ਨੇ ਅਦਾਲਤ ਤੋਂ ਉਕਤ ਮਾਮਲੇ ਵਿਚ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਡੱਗੋਰੋਮਾਣਾ ਅਤੇ ਰਣਜੀਤ ਸਿੰਘ ਭੋਲਾ ਦਾ ਰਿਮਾਂਡ ਪ੍ਰਾਪਤ ਕੀਤਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਰਗਾਡ਼ੀ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਇਕ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੀ ਕੰਧ ’ਤੇ ਦੋ ਹੱਥ ਲਿਖ਼ਤ ਪੋਸਟਰਾਂ ਉੱਪਰ ਭਿੰਡਰਾਂਵਾਲੇ, ਢੱਡਰੀਆਂ ਵਾਲੇ ਅਤੇ ਦਾਦੂਵਾਲ ਦਾ ਨਾਮ ਲਿਖ ਕੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਡੇਰਾ ਪ੍ਰੇਮੀਆਂ ਨੇ ਪ੍ਰਵਾਨ ਕੀਤਾ ਸੀ ਕਿ ਤੁਸੀ ਸਾਡੇ ਬਾਬੇ ਦੀ ‘ਐੱਮ.ਐੱਸ.ਜੀ. ਫ਼ਿਲਮ’ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡਾ ਵੱਡਾ ਗੁਰੂ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਇਸ ਨੂੰ ਲੱਭਣ ਵਾਲੇ ਨੂੰ ਅਸੀਂ ਡੇਰਾ ਸਲਾਬਤਪੁਰਾ ਵਿਖੇ 10 ਲੱਖ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕਰਾਂਗੇ, ਜੇਕਰ ਸਾਡੇ ਬਾਬੇ ਦੀ ਫ਼ਿਲਮ ਚੱਲਣ ਵਿਚ ਵਿਘਨ ਪਾਇਆ ਤਾਂ ਅਸੀਂ ਤੁਹਾਡੇ ਸਾਰੇ ਗ੍ਰੰਥ ਸਾਡ਼ ਦਿਆਂਗੇ, ਜਿਹਡ਼ਾ ਤੁਹਾਡਾ ਵੱਡਾ ਗੁਰੂ ਆਪਣਾ ਬਚਾਅ ਨਹੀਂ ਕਰ ਸਕਿਆ, ਉਹ ਕਿਸੇ ਹੋਰ ਦਾ ਬਚਾਅ ਕਿਵੇਂ ਕਰੇਗਾ?
ਇਹ ਵੀ ਪੜ੍ਹੋ: ਮਲੋਟ ’ਚ ਨੌਜਵਾਨ ਨੂੰ ਤਾਲਿਬਾਨੀ ਸਜ਼ਾ, ਬੁਰੀ ਤਰ੍ਹਾਂ ਕੁੱਟਮਾਰ ਕਰਕੇ ਪਿਲਾਇਆ ਪਿਸ਼ਾਬ
ਐੱਸ.ਆਈ.ਟੀ. ਨੇ ਅੱਜ ਬਰਗਾਡ਼ੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੀ ਨਿਸ਼ਾਨਦੇਹੀ ਕਰਵਾਈ ਅਤੇ ਉਸ ਤੋਂ ਬਾਅਦ ਡੇਰਾ ਪ੍ਰੇਮੀਆਂ ਸ਼ਕਤੀ ਅਤੇ ਰਣਜੀਤ ਨੂੰ ਗੋਪਾਲ ਬੁੱਕ ਡਿਪੂ ਬੱਸ ਅੱਡਾ ਬਰਗਾਡ਼ੀ ਵਿਖੇ ਲੈ ਕੇ ਗਏ, ਜਿੱਥੋਂ ਉਨ੍ਹਾਂ ਹੱਥ ਲਿਖਤ ਪੋਸਟਰ ਲਿਖਣ ਲਈ ਕਾਗਜ਼ ਅਤੇ ਮਾਰਕਰ ਖਰੀਦਿਆ। ਦੁਕਾਨ ਮਾਲਕ ਗੋਪਾਲ ਕ੍ਰਿਸ਼ਨ ਨੇ ਵੀ ਡੇਰਾ ਪ੍ਰੇਮੀਆਂ ਦੀ ਸ਼ਨਾਖਤ ਕੀਤੀ। ਡੇਰਾ ਪ੍ਰੇਮੀਆਂ ਨੇ ਮੰਨਿਆ ਕਿ ਸੰਨੀ ਕੰਡੇ ਅਤੇ ਭੋਲੇ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੀ ਕੰਧ ’ਤੇ 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਦੋ ਹੱਥ ਲਿਖਤ ਭਡ਼ਕਾਉ ਪੋਸਟਰ ਲਾਏ ਜਦਕਿ ਸ਼ਕਤੀ ਅਤੇ ਬਲਜੀਤ ਨੇ ਉਕਤ ਭਡ਼ਕਾਊ ਪੋਸਟਰ ਬਰਗਾਡ਼ੀ ਦੇ ਗੁਰਦੁਆਰਾ ਸਾਹਿਬ ਦੀ ਕੰਧ ’ਤੇ ਚਿਪਕਾਇਆ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)