ਉਮੀਦ ਮੁਤਾਬਕ ਨਹੀਂ ਹੋਈ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ

Wednesday, Oct 30, 2019 - 05:23 PM (IST)

ਉਮੀਦ ਮੁਤਾਬਕ ਨਹੀਂ ਹੋਈ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ

ਡੇਰਾ ਬਾਬਾ ਨਾਨਕ (ਵਤਨ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਰਸਮੀ ਤੌਰ 'ਤੇ ਖੁੱਲ੍ਹਣ ਜਾ ਰਿਹਾ ਹੈ। ਭਾਰਤ ਸਰਕਾਰ, ਲੈਂਡ ਪੋਰਟ ਅਥਾਰਟੀ ਅਤੇ ਨੈਸ਼ਨਲ ਹਾਈਵੇ ਵਲੋਂ ਲਾਂਘੇ ਨਾਲ ਸਬੰਧਤ ਸਮੁੱਚੇ ਕੰਮਾਂ ਨੂੰ ਜਲਦੀ-ਜਲਦੀ ਨਿਪਟਾਇਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲੋਕਾਂ ਨੂੰ ਏਨਾ ਚਾਅ ਚੜ੍ਹ ਜਾਵੇਗਾ ਕਿ ਸੰਗਤਾਂ ਨੂੰ ਆਪਣੀ ਵਾਰੀ ਲਈ ਕਈ-ਕਈ ਦਿਨ ਜਾਂ ਕਈ-ਕਈ ਮਹੀਨੇ ਇੰਤਜ਼ਾਰ ਕਰਨਾ ਪਵੇਗਾ ਪਰ ਸ਼ੁਰੂਆਤੀ ਹਫਤੇ ਵਿਚ ਅਜਿਹਾ ਵੇਖਣ ਨੂੰ ਨਹੀਂ ਮਿਲ ਰਿਹਾ। ਸਰਕਾਰ ਵਲੋਂ ਆਨਲਾਈਨ ਅਪਲਾਈ ਕਰਨ ਵਾਲੀ ਵੈੱਬਸਾਈਟ 'ਤੇ ਜਾਰੀ ਕੀਤੀਆਂ ਤਰੀਕਾਂ ਅਨੁਸਾਰ ਸਿਰਫ 10 ਅਤੇ 11 ਨਵੰਬਰ ਦੀਆਂ ਸੰਗਤਾਂ ਦੀ ਅਜੇ ਰਜਿਸਟ੍ਰੇਸ਼ਨ ਹੋਈ ਹੈ ਅਤੇ ਬਾਕੀ ਦੀਆਂ ਤਰੀਕਾਂ ਦੇ ਵੈੱਬਸਾਈਟ ਵਿਚ ਸਲਾਟ ਮੌਜੂਦ ਹਨ, ਦਰਸਾਏ ਜਾ ਰਹੇ ਹਨ, ਜਿਸ ਨਾਲ ਇਹ ਨਵੀਂ ਚਰਚਾ ਛਿੜ ਗਈ ਹੈ ਕਿ ਸਮੁੱਚੇ ਦੇਸ਼ 'ਚੋਂ ਇੰਨੀ ਘੱਟ ਗਿਣਤੀ 'ਚ ਹੀ ਲੋਕਾਂ ਵਲੋਂ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਸੰਗਤ ਦੀ ਪਹੁੰਚ 'ਚ ਕੰਪਿਊਟਰ ਨਹੀਂ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਭਰਨ ਦਾ ਤਰੀਕਾ ਨਹੀਂ ਆਉਂਦਾ। ਇਸ ਦੇ ਨਾਲ-ਨਾਲ ਪੇਂਡੂ ਖੇਤਰ ਦੇ ਲੋਕਾਂ ਖਾਸਕਰ ਮਾਝੇ ਤੇ ਮਾਲਵੇ ਦੇ ਲੋਕਾਂ ਕੋਲ ਦੁਆਬੇ ਦੇ ਲੋਕਾਂ ਮੁਕਾਬਲੇ ਬਹੁਤ ਘੱਟ ਪਾਸਪੋਰਟ ਹਨ। ਜੇਕਰ ਸਮੁੱਚੇ ਪੰਜਾਬ ਵੱਲ ਝਾਤੀ ਮਾਰੀਏ ਤਾਂ ਮਾਝੇ ਦੇ ਲੋਕਾਂ ਦਾ ਧਾਰਮਿਕ ਸਮਾਗਮਾਂ 'ਚ ਸਭ ਤੋਂ ਵੱਧ ਉਤਸ਼ਾਹ ਵਿਖਾਈ ਦਿੰਦਾ ਹੈ ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਨੇ ਸੰਗਤਾਂ ਦਾ ਉਤਸ਼ਾਹ ਮੱਠਾ ਕਰ ਦਿੱਤਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਤਾਂ ਪਹਿਲਾਂ ਹੀ ਪੜ੍ਹਾਈ ਦੇ ਬਹਾਨੇ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਤੇ ਇਸ ਲਈ ਨਵੀਂ ਪੀੜ੍ਹੀ ਤਾਂ ਇਸ ਡਰ ਨਾਲ ਹੀ ਕਰਤਾਰਪੁਰ ਸਾਹਿਬ ਲਈ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੀ ਕਿ ਕਿਤੇ ਉਨ੍ਹਾਂ ਦੀ ਪਾਕਿਸਤਾਨ ਜਾਣ ਦੇ ਇਮੀਗ੍ਰੇਸ਼ਨ ਆਦਿ ਦੇ ਵੇਰਵੇ, ਉਨ੍ਹਾਂ ਦੀ ਪਾਸਪੋਰਟ ਨਾਲ ਸਬੰਧਤ ਜਾਣਕਾਰੀ ਸਮੇਤ ਆਨਲਾਈਨ ਦਰਜ ਨਾ ਕਰ ਦਿੱਤੇ ਜਾਣ, ਜਿਸ ਨਾਲ ਉਨ੍ਹਾਂ ਨੂੰ ਯੂਰਪ, ਅਮਰੀਕਾ ਆਦਿ ਮੁਲਕਾਂ ਵਿਚ ਜਾਣ 'ਚ ਮੁਸ਼ਕਲ ਆ ਜਾਵੇ।

ਪੰਜਾਬ ਸਰਕਾਰ ਵਲੋਂ 24 ਅਕਤੂਬਰ ਨੂੰ ਪਾਕਿਸਤਾਨ ਤੇ ਭਾਰਤ ਦੇ ਲਾਂਘੇ ਸਬੰਧੀ ਸਮਝੌਤੇ ਵਾਲੇ ਦਿਨ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਲੋਕਾਂ ਨੂੰ ਆਨਲਾਈਨ ਫਾਰਮ ਭਰਨੇ ਨਹੀਂ ਆਉਂਦੇ, ਉਨ੍ਹਾਂ ਲਈ ਸੁਵਿਧਾ ਕੇਂਦਰਾਂ 'ਚ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਅੱਜ ਤੋਂ ਇਹ ਸਹੂਲਤ ਦਿੱਤੀ ਜਾਣੀ ਹੈ ਤੇ ਇਸ ਕਾਰਣ ਵੀ ਘੱਟ ਗਿਣਤੀ 'ਚ ਲੋਕਾਂ ਵਲੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਪੰਜਾਬ ਦੇ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਪੰਜਾਬ ਦੇ ਲੋਕ ਵੱਡੀ ਗਿਣਤੀ 'ਚ ਹਿੱਸਾ ਲੈਂਦੇ ਹਨ ਅਤੇ ਸਾਰਾ ਸਾਲ ਹੀ ਕਿਸੇ ਨਾ ਕਿਸੇ ਤਿਉਹਾਰ 'ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਦੇ ਹਨ ਅਤੇ ਕਈ ਦਾਨੀ ਸੱਜਣ ਲੋਕਾਂ ਨੂੰ ਆਪਣੀਆਂ ਟਰਾਲੀਆਂ, ਟਰੱਕਾਂ ਅਤੇ ਹੋਰ ਵਾਹਨਾਂ 'ਤੇ ਵੀ ਦਰਸ਼ਨ ਕਰਨ ਲਈ ਲੈ ਕੇ ਜਾਂਦੇ ਹਨ ਪਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰੱਖੀ ਗਈ 20 ਡਾਲਰ ਦੀ ਫੀਸ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਚ ਅੜਿੱਕਾ ਬਣ ਰਹੀ ਹੈ।
ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਾਧਾਰਨ ਵਿਅਕਤੀ ਜਿਸ ਕੋਲ ਪਾਸਪੋਰਟ ਨਹੀਂ ਹੈ, ਜਿਸ ਕੋਲ 20 ਡਾਲਰ ਦੀ ਫੀਸ ਭਰਨ ਲਈ ਪੈਸੇ ਨਹੀਂ ਹਨ ਅਤੇ ਸਾਧਾਰਨ ਪਰਿਵਾਰ ਨਾਲ ਸਬੰਧਤ ਹੈ, ਆਨਲਾਈਨ ਅਪਲਾਈ ਕਰਨ 'ਚ ਅਸਮਰੱਥ ਹੈ। ਉਸ ਲਈ ਤਾਂ ਪਹਿਲਾਂ ਵਾਂਗ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਤੋਂ ਕਾਫੀ ਦੂਰ ਹੈ।

ਧੁੰਦ ਕਾਰਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਚੰਗੇ ਤਰੀਕੇ ਨਾਲ ਨਹੀਂ ਹੋ ਸਕੇ
ਇਸ ਸਬੰਧੀ ਦੂਰਬੀਨ ਨਾਲ ਦਰਸ਼ਨ ਕਰ ਕੇ ਪਰਤ ਰਹੇ ਅੰਬਾਲਾ ਦੇ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਪਰਿਵਾਰ ਦੇ 5 ਮੈਂਬਰ ਇਕੱਠੇ ਤੌਰ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਤੀ ਮੈਂਬਰ 20 ਡਾਲਰ ਦੇ ਹਿਸਾਬ ਨਾਲ 100 ਡਾਲਰ ਦੀ ਫੀਸ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਫੀਸ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਪ੍ਰੰਪਰਾ ਨਹੀਂ ਹੈ, ਇਸ ਦੇ ਨਾਲ-ਨਾਲ ਸਾਡੇ ਕੋਲ ਅਤੇ ਸਾਡੇ ਪਰਿਵਾਰਕ ਮੈਂਬਰਾਂ ਕੋਲ ਪਾਸਪੋਰਟ ਵੀ ਨਹੀਂ ਹਨ, ਜਿਸ ਲਈ ਸਾਡਾ ਕਰਤਾਰਪੁਰ ਸਾਹਿਬ ਜਾਣਾ ਅਜੇ ਅਸੰਭਵ ਹੈ। ਇਸੇ ਲਈ ਅੱਜ ਅਸੀਂ ਇਥੋਂ ਹੀ ਦੂਰਬੀਨ ਨਾਲ ਦਰਸ਼ਨ ਕੀਤੇ ਹਨ ਪਰ ਧੁੰਦ ਕਾਰਨ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਚੰਗੇ ਤਰੀਕੇ ਨਾਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਬੜੇ ਖੁਸ਼ ਹਨ ਕਿ ਅਸੀਂ ਭਾਰਤ-ਪਾਕਿ ਬਾਰਡਰ ਵੀ ਵੇਖ ਲਿਆ ਹੈ।

ਪਾਸਪੋਰਟ ਦੀ ਬਜਾਏ ਆਧਾਰ-ਕਾਰਡ ਨੂੰ ਪਛਾਣ ਪੱਤਰ ਮੰਨ ਕੇ ਲੋੜੀਂਦਾ ਦਸਤਾਵੇਜ਼ ਬਣਾ ਦੇਣਾ ਚਾਹੀਦਾ ਹੈ
ਅਜਨਾਲਾ (ਅੰਮ੍ਰਿਤਸਰ) ਤੋਂ ਸੰਗਤ ਦੇ ਰੂਪ 'ਚ ਪਹੁੰਚੀ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਧੁੱਸੀ ਬੰਨ੍ਹ 'ਤੇ ਖਲ੍ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ ਪਰ ਸਾਡੇ ਕੋਲ ਪਾਸਪੋਰਟ ਨਾ ਹੋਣ ਕਾਰਣ ਅਸੀਂ ਅਜੇ ਪਾਕਿਸਤਾਨ ਜਾ ਕੇ ਦਰਸ਼ਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਰੱਖੀ ਗਈ ਫੀਸ ਕਾਫੀ ਜ਼ਿਆਦਾ ਹੈ ਅਤੇ ਇਸ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਾਣ ਦੇ ਅਸਮੱਰਥ ਹੋ ਸਕਦੀਆਂ ਹਨ, ਇਸ ਲਈ ਸਰਕਾਰਾਂ ਨੂੰ 20 ਡਾਲਰ ਦੀ ਫੀਸ ਮੁਆਫ ਕਰਨੀ ਚਾਹੀਦੀ ਹੈ ਅਤੇ ਪਾਸਪੋਰਟ ਦੀ ਬਜਾਏ ਆਧਾਰ-ਕਾਰਡ ਨੂੰ ਪਛਾਣ ਪੱਤਰ ਮੰਨ ਕੇ ਲੋੜੀਂਦਾ ਦਸਤਾਵੇਜ਼ ਬਣਾ ਦੇਣਾ ਚਾਹੀਦਾ ਹੈ।

ਜੇਕਰ ਵਿਛੜੇ ਗੁਰਧਾਮ ਦੇ ਦਰਸ਼ਨਾਂ ਦਾ ਮੌਕਾ ਮਿਲਦਾ ਹੈ ਤਾਂ ਇਹ ਫੀਸ ਕੁਝ ਵੀ ਮਾਇਨੇ ਨਹੀਂ ਰੱਖਦੀ
ਸਰ੍ਹੀਂ (ਕੈਨੇਡਾ) ਤੋਂ ਪਹਿਲੀ ਵਾਰ ਇਥੇ ਪਹੁੰਚੇ ਪਰਮਜੀਤ ਸਿੰਘ ਭੱਟੀ ਨੇ ਦੱਸਿਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਨਨਕਾਣਾ ਸਾਹਿਬ ਜਾ ਰਹੇ ਹਾਂ, ਜਿਸ ਕਾਰਣ ਅਸੀਂ ਪੰਜਾਬ ਦੇ ਧਾਰਮਿਕ ਸਥਾਨਾਂ ਦੇ ਵੀ ਦਰਸ਼ਨ ਕਰ ਰਹੇ ਹਾਂ ਪਰ ਅਸੀਂ ਤਾਂ ਵਾਹਗਾ ਬਾਰਡਰ ਰਾਹੀਂ 7 ਨਵੰਬਰ ਨੂੰ ਪਰਿਵਾਰਕ ਮੈਂਬਰਾਂ ਨਾਲ ਪਾਕਿਸਤਾਨ ਜਾ ਰਹੇ ਹਾਂ ਅਤੇ ਉਧਰਲੇ ਰਸਤੇ ਰਾਹੀਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਾਂਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਦੀ ਫੀਸ ਨੂੰ ਉਹ ਜ਼ਿਆਦਾ ਨਹੀਂ ਸਮਝਦੇ ਕਿਉਂਕਿ ਲੋਕ ਤਾਂ ਸੂਬੇ 'ਚ ਸੜਕਾਂ ਰਾਹੀਂ ਜਾਣ ਲਈ ਵੀ ਰੋਜ਼ਾਨਾ ਟੋਲ-ਟੈਕਸ ਭਰ ਰਹੇ ਹਨ ਤਾਂ ਜੇਕਰ ਤੁਹਾਨੂੰ 72 ਸਾਲਾਂ ਬਾਅਦ ਆਪਣੇ ਤੋਂ ਵਿਛੜੇ ਗੁਰਧਾਮ ਦੇ ਦਰਸ਼ਨਾਂ ਦਾ ਮੌਕਾ ਮਿਲਦਾ ਹੈ ਤਾਂ ਇਹ ਫੀਸ ਕੁਝ ਵੀ ਮਾਇਨੇ ਨਹੀਂ ਰੱਖਦੀ।

ਹੁਣ ਤੱਕ ਕਿਸੇ ਨੇ ਨਾ ਕੋਈ ਫਾਰਮ ਲਿਆ ਅਤੇ ਨਾ ਹੀ ਆਨਲਾਈਨ ਅਪਲਾਈ ਕੀਤਾ : ਗੁਰਸਾਹਿਬ ਸਿੰਘ
ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਸੁਵਿਧਾ ਕੇਂਦਰ 'ਚ ਤਾਇਨਾਤ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਅੱਜ ਤੋਂ ਹੀ ਇਸ ਸੁਵਿਧਾ ਕੇਂਦਰ 'ਚੋਂ ਫਾਰਮ ਭਰਨ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ ਪਰ ਅਜੇ ਤੱਕ ਕਿਸੇ ਵਲੋਂ ਵੀ ਨਾ ਤਾਂ ਫਾਰਮ ਲਿਆ ਗਿਆ ਹੈ ਅਤੇ ਨਾ ਹੀ ਆਨਲਾਈਨ ਅਪਲਾਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਰਮ ਦੀ ਫੀਸ 20 ਰੁਪਏ ਪ੍ਰਤੀ ਯਾਤਰੀ ਹੋਵੇਗੀ ਅਤੇ ਆਨਲਾਈਨ ਫਾਰਮ ਭਰਨ ਦੀ ਕੋਈ ਫੀਸ ਨਹੀਂ ਹੋਵੇਗੀ।


author

Baljeet Kaur

Content Editor

Related News