ਲਾਂਘਾ ਖੁੱਲ੍ਹਣ ਦੇ 16ਵੇਂ ਦਿਨ ਸਭ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ

11/24/2019 5:23:21 PM

ਡੇਰਾ ਬਾਬਾ ਨਾਨਕ (ਵਤਨ) : ਅੱਜ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਸਭ ਤੋ ਵੱਧ ਰਹੀ। ਇਸ ਦੇ ਨਾਲ ਧੁੱਸੀ ਬੰਨ੍ਹ ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਵੀ ਦੂਰੋਂ ਦਰਸ਼ਨ ਦੀਦਾਰ ਕਰਨ ਲਈ ਸੰਗਤਾਂ ਦਾ ਦੇਰ ਸ਼ਾਮ ਤੱਕ ਤਾਂਤਾ ਲੱਗਿਆ ਰਿਹਾ। ਜਾਣਕਾਰੀ ਅਨੁਸਾਰ ਅੱਜ 1431 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗਏ।

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਪਰਤੇ ਕਮਲਪ੍ਰੀਤ ਸਿੰਘ ਪੰਨਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੋਹਾਂ ਦੇਸ਼ਾਂ ਦਰਮਿਆਨ ਪਿਆਰ ਦਾ ਸੁਨੇਹਾ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕ ਆਪਸ 'ਚ ਮਿਲ ਬੈਠਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਪਹਿਲਾਂ ਪੰਜਾਬ ਪੁਲਸ ਦੇ ਮੁਲਾਜ਼ਮ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ 'ਸਤਿ ਸ੍ਰੀ ਅਕਾਲ' ਆਖ ਕੇ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਸੰਗਤਾਂ ਵਾਸਤੇ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਦੇ ਜਗਦੀਸ਼ ਸਿੰਘ ਅਤੇ ਅੰਬਾਲਾ ਸਿਟੀ ਤੋਂ ਰਵਿੰਦਰ ਸਿੰਘ ਨੇ ਕਿਹਾ ਦੋਹਾਂ ਸਰਕਾਰ ਵਲੋਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਉਂਕਿ ਇਹ ਇਕ ਕੌਮਾਂਤਰੀ ਲਾਂਘਾ ਹੈ ਤੇ ਇਸ ਲਈ ਸੰਗਤਾਂ ਦੀ ਢੁੱਕਵੀਂ ਚੈਕਿੰਗ ਤਾਂ ਹੋਣੀ ਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸ਼ਰਧਾਲੂ ਪਾਸਪੋਰਟ ਰਾਹੀਂ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਜਾਂਦਾ ਹੈ ਜਦੋਂ ਉਸ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤਾਂ ਹਰ ਤਰ੍ਹਾਂ ਦੀ ਜਿੰਮੇਵਾਰੀ ਭਾਰਤ ਸਰਕਾਰ ਦੀ ਬਣ ਜਾਂਦੀ ਹੈ ਅਤੇ ਆਨਲਾਈਨ ਰਜਿਸ਼ਟ੍ਰੇਸ਼ਨ ਤੋਂ ਬਾਅਦ ਕਿਸੇ ਵੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ ਅਤੇ ਨਾ ਹੀ ਕਿਸੇ ਵੀ ਦੇਸ਼ ਦੇ ਅਧਿਕਾਰੀ ਵਲੋਂ ਅੜਚਣ ਪੈਦਾ ਕੀਤੀ ਜਾਂਦੀ ਹੈ।


Baljeet Kaur

Content Editor

Related News