ਕਰਤਾਰਪੁਰ ਲਾਂਘਾ : ਟਰਮੀਨਲ ਨੂੰ ਸੁੰਦਰ ਦਿੱਖ ਦੇਣ ਲਈ ਦੁਬਈ ਤੋਂ ਮੰਗਵਾਈਆਂ ਖਾਸ ਚਾਦਰਾਂ
Sunday, Oct 13, 2019 - 11:47 AM (IST)

ਡੇਰਾ ਬਾਬਾ ਨਾਨਕ : ਕੌਮਾਂਤਰੀ ਸਰਹੱਦ ਨੇੜੇ ਟਰਮੀਨਲ ਨੂੰ ਹੋਰ ਵੀ ਸੁੰਦਰ ਅਤੇ ਵਿਸ਼ੇਸ਼ ਦਿੱਖ ਦੇਣ ਲਈ ਲੈਂਡਪੋਰਟ ਅਥਾਰਟੀ ਵਲੋਂ ਦੁਬਈ ਤੋਂ ਚਾਦਰਾਂ ਮੰਗਵਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਟਰਮੀਨਲ 'ਚ ਸ਼ਰਧਾਲੂਆਂ ਦੇ ਬੈਠਣ ਲਈ ਬਲਾਕ, ਚੈੱਕ ਪੋਸਟ, ਗੈਲਰੀ, ਸੁਰੱਖਿਆ ਬਲਾਕ, ਇਲੈਕਟ੍ਰੀਸ਼ਨ ਬਲਾਕ ਤੋਂ ਇਲਾਵਾ ਪਾਰਕਿੰਗ ਵੀ ਬਣਾਈ ਜਾ ਰਹੀ ਹੈ। ਇਸੇ ਤਰ੍ਹਾਂ ਧੁੱਸੀ ਬੰਨ੍ਹ ਕੋਲ ਦਰਸ਼ਨ ਸਥਾਨ ਬਣਾਇਆ ਜਾ ਰਿਹਾ ਹੈ, ਜਿਸ 'ਤੇ ਖੜ੍ਹੇ ਹੋ ਕੇ ਸ਼ਰਧਾਲੂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਿਰਮਾਣ ਅਧਿਕਾਰੀ ਸ਼ੈਲਿੰਦਰ ਅੰਜਰੀ ਨੇ ਦੱਸਿਆ ਕਿ ਕਰਤਾਰਪੁਰ ਟਰਮੀਨਲ ਨੂੰ ਕੌਮਾਂਤਰੀ ਏਅਰਪੋਰਟ ਦੀ ਦਿੱਖ ਦੇਣ ਲਈ ਅਤੇ ਛੱਤ ਕਵਰ ਕਰਨ ਲਈ ਦੁਬਈ ਤੋਂ ਐਲੂਮੀਨੀਅਮ ਦੀਆਂ 16,000 ਸਕੇਅਰ ਫੁੱਟ ਚਾਦਰਾਂ ਮੰਗਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਟਰਮੀਨਲ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।