ਡੀ. ਸੀ. ਅਪਨੀਤ ਵਲੋਂ ਲੋਕਾਂ ਨੂੰ ''ਮਿਸ਼ਨ ਫਤਿਹ'' ਤਹਿਤ ਕੋਵਿਡ ਖਿਲਾਫ਼ ਇਕਜੁੱਟ ਹੋਣ ਦਾ ਸੱਦਾ

Wednesday, Jul 22, 2020 - 10:56 PM (IST)

ਡੀ. ਸੀ. ਅਪਨੀਤ ਵਲੋਂ ਲੋਕਾਂ ਨੂੰ ''ਮਿਸ਼ਨ ਫਤਿਹ'' ਤਹਿਤ ਕੋਵਿਡ ਖਿਲਾਫ਼ ਇਕਜੁੱਟ ਹੋਣ ਦਾ ਸੱਦਾ

ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਕੋਵਿਡ-19 ਦੇ ਵਧੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਿਹਤ ਅਤੇ ਸੁਰੱਖਿਆ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਂਣ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਸਕੇ ਲੋਕਾਂ ਦੀ ਸਕਰੀਨਿੰਗ ਦਾ ਕੰਮ 91 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਹ ਜਲਦ ਹੀ 100ਫੀ ਸਦੀ ਕਰ ਲਿਆ ਜਾਵੇਗਾ।
ਅੱਜ ਸ਼ਾਮ ਆਪਣੇ ਫੇਸਬੁੱਕ ਲਾਈਵ ਦੌਰਾਨ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਰੋਕਿਆ ਜਾ ਸਕਦਾ ਹੈ, ਜਿਸ ਲਈ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਹੀ ਢੰਗ ਨਾਲ ਮਾਸਕ ਪਾਉਣ, ਇਕ ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ਸਿਰ ਹੱਥ ਧੋਣ ਨੂੰ ਯਕੀਨੀ ਬਣਾਉਣ ਤਾਂ ਜੋ ਪੰਜਾਬ ਸਰਕਾਰ ਵਲੋਂ ਕੋਰੋਨਾ ਖਿਲਾਫ ਜੰਗ 'ਤੇ ਪੂਰਨ ਤੌਰ 'ਤੇ ਫਤਿਹ ਪਾਈ ਜਾ ਸਕੇ। ਬੀ.ਐਸ.ਐਫ ਖੜਕਾਂ ਕੈਂਪ ਵਿੱਚ ਆਏ ਕੇਸਾਂ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਂਪ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਇਸ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਅਹਿਤਿਆਤ ਵਰਤਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਹ ਪੂਰੀ ਤਰ੍ਹਾਂ ਚੌਕਸ ਰਹਿਣ ਜੋ ਕਿ ਸਾਡੇ ਪਰਿਵਾਰਾਂ ਅਤੇ ਸਮਾਜ ਲਈ ਸਮੇਂ ਦੀ ਮੁੱਖ ਮੰਗ ਹੈ।
ਜ਼ਿਲ੍ਹੇ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 175 ਐਕਟਿਵ ਕੇਸ ਹਨ ਜਿਨ੍ਹਾ ਵਿਚੋਂ 126 ਬੀ.ਐਸ.ਐਫ ਕੈਂਪ ਖੜਕਾਂ ਦੇ ਹਨ ਜਿਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਕੇਅਰ ਸੈਂਟਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 24091 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 22257 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਹੁਣ ਤੱਕ ਕੋਵਿਡ ਸਬੰਧੀ ਮਾਸਕ ਪਾਉਣ ਅਤੇ ਇਕ ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਜ਼ਿਲ੍ਹੇ ਵਿੱਚ ਕਰੀਬ 70 ਲੱਖ ਰੁਪਏ ਦੇ ਜ਼ੁਰਮਾਨੇ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਡੋਰ-ਟੂ-ਡੋਰ ਸਰਵੇ ਸਬੰਧੀ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਸਕੇ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਨਾਲ ਸਬੰਧਤ ਲੱਛਣ ਪਾਏ ਜਾਣ 'ਤੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਹੁਸ਼ਿਆਰਪੁਰ ਵਿਚਾਲੇ ਪੈਂਦੀਆਂ 5 ਬਾਰਡਰ ਚੈਕ ਪੋਸਟਾਂ ਰਾਹੀਂ ਲੋਕਾਂ ਦੀ ਐਂਟਰੀ ਬਾਰੇ ਦੱਸਿਆ ਕਿ ਹੁਣ ਤੱਕ 3500 ਲੋਕ ਜ਼ਿਲ੍ਹੇ ਵਿੱਚ ਦਾਖਲ ਹੋਏ ਹਨ ਜਿਨ੍ਹਾਂ ਨੂੰ ਹਦਾਇਤਾਂ ਅਨੁਸਾਰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ 'ਤੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਹਦਾਇਤਾਂ ਅਨੁਸਾਰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਕੋਵਿਡ ਟੈਸਟ ਲਈ ਸੈਂਪਲਾਂ ਬਾਰੇ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਸੈਂਪਲ ਲੈਣ ਦੀ ਗਿਣਤੀ ਵਧਾ ਕੇ 700 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ 12 ਮੌਤਾਂ ਹੋ ਚੁੱਕੀਆਂ ਹਨ ।

ਲੋਕ ਡੇਂਗੂ ਤੋਂ ਵੀ ਸੁਚੇਤ ਰਹਿਣ ਅਤੇ ਲੋੜੀਂਦੇ ਕਦਮ ਚੁੱਕਣ
ਡਿਪਟੀ ਕਮਿਸ਼ਨਰ ਨੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਖਾਸਕਰ ਡੇਂਗੂ, ਮਲੇਰੀਆ ਆਦਿ ਤੋਂ ਲੋਕਾਂ ਨੂੰ ਸੁਚੇਤ ਰਹਿਣ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 14 ਜੂਨ ਤੋਂ ਇਸ ਸਬੰਧੀ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ 37566 ਘਰਾਂ ਦੀ ਚੈਕਿੰਗ ਗਈ ਹੈ ਜਿਨ੍ਹਾਂ ਵਿਚੋਂ 2695 ਥਾਵਾਂ 'ਤੇ ਲਾਰਵਾ ਨਸ਼ਟ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ 'ਤੇ 2 ਲੱਖ 11 ਹਜ਼ਾਰ ਕੰਟੇਨਰਾਂ ਦੀ ਚੈਕਿੰਗ ਦੌਰਾਨ 2920 ਥਾਵਾਂ 'ਤੇ ਲਾਰਵਾ ਨਸ਼ਟ ਕੀਤਾ ਗਿਆ ਅਤੇ ਇਸ ਸਬੰਧੀ 178 ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤਾਂ ਜੋ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ।

ਧਾਰਾ 144 ਤਹਿਤ ਪਾਬੰਦੀਆਂ ਜਾਰੀ, ਪਾਰਕਾਂ 'ਚ ਸੈਰ-ਯੋਗਾ 'ਤੇ ਕੋਈ ਮਨਾਹੀ ਨਹੀਂ
ਫੇਸਬੁੱਕ ਲਾਈਵ ਦੌਰਾਨ ਵੱਖ-ਵੱਖ ਲੋਕਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਧਾਰਾ 144 ਲਗਾਈ ਗਈ ਹੈ ਅਤੇ ਲੋਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਮਾਸਕ ਪਾਉਣੇ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਦੀ ਅਸਰਦਾਰ ਢੰਗ ਨਾਲ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਕਾਂ ਵਿੱਚ ਸੈਰ ਜਾਂ ਯੋਗਾ ਕਰਨ 'ਤੇ ਕੋਈ ਮਨਾਹੀ ਨਹੀਂ ਹੈ ਪਰ 5 ਜਾਂ 5 ਤੋਂ ਵੱਧ ਲੋਕਾਂ ਦੇ ਇਕੱਤਰ ਹੋਣ 'ਤੇ ਧਾਰਾ 144 ਤਹਿਤ ਪੂਰਨ ਤੌਰ 'ਤੇ ਪਾਬੰਦੀ ਹੈ। ਇਸੇ ਤਰ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਮੁਫ਼ਤ ਮਾਸਕ ਅਤੇ ਸੈਨੇਟਾਈਜ਼ਰ ਵੰਡ ਰਿਹਾ ਹੈ ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹੇਗਾ। ਹਿਮਾਚਲ ਬਾਰਡਰ 'ਤੇ ਸਿਵਲ ਅਧਿਕਾਰੀਆਂ ਵਲੋਂ ਚੈਕਿੰਗ ਸਬੰਧੀ ਸਵਾਲ ਦੇ ਜਵਾਬ 'ਚ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਿਵਲ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਹੁਸ਼ਿਆਰਪੁਰ ਆਉਣ ਵਾਲਿਆਂ ਦੀ ਸਕਰੀਨਿੰਗ ਕਰ ਰਹੀਆਂ ਹਨ ਅਤੇ ਕੋਵਿਡ ਲੱਛਣ ਪਾਏ ਜਾਣ 'ਤੇ ਸੈਂਪਲ ਵੀ ਲਏ ਜਾ ਰਹੇ ਹਨ।

ਪ੍ਰਾਈਵੇਟ ਹਸਪਤਾਲਾਂ 'ਚ ਕੋਵਿਡ ਦੇ ਮਰੀਜ਼ਾਂ ਲਈ 26 ਆਈ.ਸੀ.ਯੂ ਬੈਡ ਅਤੇ 10 ਵੈਂਟੀਲੇਟਰ ਵਾਲੇ ਬੈਡ ਦਾ ਇੰਤਜ਼ਾਮ
ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਤੌਰ 'ਤੇ ਰੱਖੇ ਬੈਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਦੇ 4 ਹਸਪਤਾਲਾਂ ਵਿੱਚ 13 ਆਈਸੋਲੇਸ਼ਨ ਬੈਡ, 13 ਆਈ.ਸੀ.ਯੂ ਬੈਡ ਅਤੇ 10 ਵੈਂਟੀਲੇਟਰਾਂ ਵਾਲੇ ਆਈ.ਸੀ.ਯੂ ਬੈਡ ਰੱਖੇ ਗਏ ਜੋ ਕਿ ਲੋੜ ਪੈਣ 'ਤੇ ਵਰਤੋਂ 'ਚ ਲਿਆਂਦੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬੈਡ ਸਥਾਨਕ ਨਾਰਦ ਹਸਪਤਾਲ, ਅਮਨ ਹਸਪਤਾਲ, ਸਿਵਮ ਹਸਪਤਾਲ ਅਤੇ ਆਈ.ਵੀ.ਵਾਈ ਹਸਪਤਾਲ ਵਿੱਚ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹੋਰ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਬੈਡਾਂ ਦੀ ਲੋੜ ਪੈਣ 'ਤੇ ਗਿਣਤੀ ਵਧਾਈ ਜਾ ਸਕੇ।


author

Deepak Kumar

Content Editor

Related News