ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਡੀ. ਏ. ਪੀ. ਓ. ਤਹਿਤ ਮੈਂਬਰਸ਼ਿਪ ਸ਼ੁਰੂ

Thursday, Mar 15, 2018 - 10:14 AM (IST)

ਪਟਿਆਲਾ (ਜੋਸਨ, ਬਲਜਿੰਦਰ) - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਬਹੁਪੱਖੀ ਪ੍ਰੋਗਰਾਮ 'ਨਸ਼ੇ ਦੀ ਵਰਤੋਂ ਰੋਕਣ ਲਈ ਅਫ਼ਸਰ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਦਾ ਆਰੰਭ ਕੀਤਾ ਜਾ ਰਿਹਾ ਹੈ, ਜਿਸ ਲਈ ਜ਼ਿਲਾ ਪਟਿਆਲਾ 'ਚ ਸਰਕਾਰੀ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਯੂਨੀਵਰਸਿਟੀਆਂ /ਕਾਲਜਾਂ ਅਤੇ ਜ਼ਿਲਾ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਪੋ ਵਲੰਟੀਅਰ ਬਣਨ ਦੇ ਚਾਹਵਾਨ ਇਸ ਸਬੰਧੀ ਬਿਨੈ ਫਾਰਮ ਸਾਂਝ ਕੇਂਦਰਾਂ ਤੋਂ ਪ੍ਰਾਪਤ ਕਰ ਕੇ, ਭਰਨ ਉਪਰੰਤ ਆਪਣੇ ਨੇੜਲੇ ਸਾਂਝ ਕੇਂਦਰਾਂ ਵਿਚ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਜ਼ਿਲਾ ਪਟਿਆਲਾ 'ਚ ਜ਼ਿਲਾ ਪੱਧਰ 'ਤੇ ਅਤੇ ਸਬ-ਡਵੀਜ਼ਨਾਂ 'ਚ ਸਮਾਗਮ ਆਯੋਜਿਤ ਕਰ ਕੇ ਡੇਪੋ ਵਲੰਟੀਅਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਪੋ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਪਹਿਲਾ ਪੜਾਅ 22 ਮਾਰਚ ਤੱਕ ਚੱਲੇਗਾ ਤੇ ਇਸ ਵਿਚ 18 ਸਾਲ ਤੋਂ ਉੱਪਰ ਉਮਰ ਦਾ ਕੋਈ ਵੀ ਵਿਅਕਤੀ ਵਲੰਟੀਅਰ ਵਜੋਂ ਨਾਂ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਵੱਲੋਂ ਸਵੈ-ਇੱਛਾ ਨਾਲ ਸੇਵਾ ਕੀਤੀ ਜਾਵੇਗੀ ਅਤੇ ਇਸ ਲਈ ਕੋਈ ਮਾਣ-ਭੱਤਾ ਨਹੀਂ ਮਿਲੇਗਾ। 
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਇਸ ਅਹਿਮ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਜ਼ਿਲਾ ਮਿਸ਼ਨ ਟੀਮ ਬਣਾਈ ਗਈ ਹੈ, ਜਿਸ ਵਿਚ ਡਿਪਟੀ ਕਮਿਸ਼ਨਰ, ਜ਼ਿਲਾ ਪੁਲਸ ਮੁਖੀ, ਸਿਵਲ ਸਰਜਨ ਸਮੇਤ ਹੋਰ ਜ਼ਿਲਾ ਵਿਭਾਗਾਂ ਦੇ ਮੁਖੀ ਸ਼ਾਮਲ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ, ਪਿੰਡ ਅਤੇ ਵਾਰਡ ਪੱਧਰ 'ਤੇ ਵੀ ਟੀਮਾਂ ਦਾ ਗਠਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲੇ ਦਾ ਕੋਈ ਵੀ ਨਾਗਰਿਕ ਜੇਕਰ ਨਸ਼ਿਆਂ ਨੂੰ ਖ਼ਤਮ ਕਰਨ 'ਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡੀ. ਡੀ. ਆਰ. ਓ. ਪੀ. ਐੱਸ. ਸਿੱਧੂ, ਡੀ. ਐੱਸ. ਓ. ਓਪਕਾਰ ਸਿੰਘ, ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ, ਡਾ. ਐੱਸ. ਐੱਸ. ਰੇਖੀ, ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਫ਼ਸਰ ਡਾ. ਪ੍ਰਭਲੀਨ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਮਨਜੀਤ ਸਿੰਘ ਅਤੇ ਮਧੂ ਬਾਵਾ, ਲਾਅ ਯੂਨੀਵਰਸਿਟੀ ਤੋਂ ਡਾ. ਗੁਰਨੀਤ ਸਿੰਘ ਸਮੇਤ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Related News