ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੀ ਆਖਰੀ ਚਿਤਾਵਨੀ, ਜੇ ਨਾ ਕੀਤਾ ਇਹ ਕੰਮ ਤਾਂ ਕੱਟੇਗਾ ਮੋਟਾ ਚਲਾਨ
Saturday, Jun 24, 2023 - 06:41 PM (IST)
ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਸੱਤ ਦਿਨ ਵਿਚ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣੀ ਹੋਵੇਗੀ ਨਹੀਂ ਤਾਂ 1 ਜੁਲਾਈ ਤੋਂ ਮੋਟਾ ਚਲਾਨ ਕਟਵਾਉਣਾ ਪਵੇਗਾ। ਪੰਜਾਬ ਆਵਾਜਾਈ ਵਿਭਾਗ ਅਤੇ ਪੁਲਸ ਨੇ ਇਸ ਦੀ ਤਿਆਰੀ ਕਰ ਲਈ ਹੈ। ਲੋਕਾਂ ਨੂੰ 30 ਜੂਨ ਤਕ ਨੰਬਰ ਪਲੇਟ ਲਗਵਾਉਣ ਦੀ ਹਿਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਮੋਟਰ ਵਾਹਨ ਐਕਟ, 1988 ਦੀ ਧਾਰਾ 177 ਦੇ ਤਹਿਤ ਕਾਰਵਾਈ ਹੋਵੇਗੀ। ਇਸ ਵਿਚ ਪਹਿਲੀ ਵਾਰ ਫੜੇ ਜਾਣ ’ਤੇ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ ਜਦਕਿ ਇਸ ਤੋਂ ਬਾਅਦ ਫੜੇ ਜਾਣ ’ਤੇ ਤਿੰਨ ਹਜ਼ਾਰ ਰੁਪਏ ਦੇ ਹਿਸਾਬ ਨਾਲ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਵਾਹਨ ਨੂੰ ਬਲੈਕ ਲਿਸਟ ਵੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ
ਵਿਭਾਗ ਨੇ ਲੋਕਾਂ ਨੂੰ ਆਖਰੀ ਚਿਤਾਵਨੀ ਦਿੱਤੀ ਹੈ ਕਿ ਤੈਅ ਸਮੇਂ ਵਿਚ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾ ਲਵੋ। ਪੰਜਾਬ ਵਿਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਕਈ ਸਾਲ ਤੋਂ ਚੱਲ ਰਿਹਾ ਹੈ ਪਰ ਇਸ ਦਰਮਿਆਨ ਨੰਬਰ ਪਲੇਟ ਦੇ ਫਿੱਕਿਆਂ ਪੈਣ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਨਾਲ ਹੀ ਇਹ ਮਾਮਲਾ ਹਾਈਕੋਰਟ ਪਹੁੰਚਿਆ ਸੀ ਪਰ ਕੁੱਝ ਨਿਯਮਾਂ ਦੇ ਨਾਲ ਕੰਪਨੀ ਨੂੰ ਤੈਅ ਸਮੇਂ ਵਿਚ ਕੰਮ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਹਾਲਾਂਕ ਇਸ ਦਰਮਿਆਨ ਕੋਰੋਨਾ ਮਹਾਮਾਰੀ ਨੇ ਦਸਤਕ ਦੇ ਦਿੱਤੀ। ਅਜਿਹੇ ਵਿਚ ਇਹ ਕੰਮ ਅੱਧ ਵਿਚਾਲੇ ਰਹਿ ਗਿਆ ਸੀ।
ਇਹ ਵੀ ਪੜ੍ਹੋ : ਗ੍ਰੰਥੀ ਵਲੋਂ ਕੀਤੀ ਬੇਅਦਬੀ ਦੀ ਆੜ ’ਚ ਉਸ ਦੀ ਪਤਨੀ ’ਤੇ ਜਿਸਮ ਦਾ ਸੌਦਾ ਕਰਨ ਦਾ ਪਾਇਆ ਦਬਾਅ
ਕਈ ਵਾਰ ਵਿਭਾਗ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਮਿਤੀ ਵੀ ਵਧਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਇਸ ਦਿਸ਼ਾ ਵਿਚ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਇਸ ਸੰਬੰਧ ਵਿਚ ਇਕ ਪੱਤਰ ਪੁਲਸ ਨੂੰ ਭੇਜ ਦਿੱਤਾ ਹੈ। ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਆਰ. ਟੀ. ਓ. ਨੂੰ ਇਸ ਵਾਰ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਹੈ। ਵਿਭਾਗ ਮੁਤਾਬਕ ਸਾਲ 2019 ਤੋਂ ਪਹਿਲਾਂ ਬਣੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਲਈ ਵੈੱਬਸਾਈਟ www.punjabhsrp.in ’ਤੇ ਜਾਣਾ ਹੋਵੇਗਾ। ਇਸ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ਘਰ ਲਗਵਾਉਣ ਦਾ ਬਦਲ ਚੁਣਨਾ ਹੋਵੇਗਾ। ਇਸ ਤੋਂ ਬਾਅਦ ਵਾਹਨ ਸਬੰਧੀ ਡਿਟੇਲ ਸਾਈਟ ’ਤੇ ਭਰਨੀ ਹੋਵੇਗੀ।
ਇਹ ਵੀ ਪੜ੍ਹੋ : ਸੂਬੇ ਦੇ 3.50 ਲੱਖ ਪੈਨਸ਼ਨਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani